ਕੁਲਤਾਰ ਸਿੰਘ ਸੰਧਵਾਂ ਨੂੰ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣਿਆ
ਚੰਡੀਗੜ੍ਹ, 21 ਮਾਰਚ, 2022: ਕੁਲਤਾਰ ਸਿੰਘ ਸੰਧਵਾਂ ਨੂੰ ਸਰਬਸੰਮਤੀ ਨਾਲ ਅੱਜ 16ਵੀਂ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੀਕਰ ਵਜੋਂ ਸੰਧਵਾਂ ਦੇ ਨਾਮ ਦੀ ਤਜਵੀਜ਼ ਰੱਖੀ ਜਿਸ ਦੀ ਹਮਾਇਤ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕੀਤੀ। ਇਸ ਤੋਂ ਬਾਅਦ ਸੰਧਵਾਂ ਨੂੰ ਬਿਨਾਂ ਮੁਕਾਬਲੇ ਚੁਣ ਲਿਆ ਗਿਆ।
ਨਵੇਂ ਚੁਣੇ ਸਪੀਕਰ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਸਦਨ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਭਰੋਸਾ ਦਿੱਤਾ ਕਿ ਸਦਨ ਦੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਵੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਸਦਨ ਦੀ ਕਾਰਵਾਈ ਜਨਤਕ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਸਦਨ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਪੱਤਰਕਾਰਾਂ ਨੂੰ ਵੀ ਮੁਹੱਈਆ ਕਰਵਾਈ ਜਾਵੇਗੀ।
ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਨੂੰ ਦੇਸ਼ ਭਰ ਵਿੱਚ ਮਾਡਲ ਹਾਊਸ ਬਣਾਉਣ ਲਈ ਉਸਾਰੂ ਭੂਮਿਕਾ ਨਿਭਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਸਦਨ ਦੇ ਸਾਰੇ ਰੰਗਲਾ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਸਦਨ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਦੀ ਤਸੱਲੀ ਹੋਣ ਤੱਕ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਵਿਸਥਾਰਪੂਰਵਕ ਜਵਾਬ ਦੇਵੇਗੀ।
ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਬਦਕਿਸਮਤੀ ਨਾਲ ਪਹਿਲਾਂ ਜਦੋਂ ਕੋਈ ਵੀ ਸਦਨ ਦੀ ਕਾਰਵਾਈ ਰਿਕਾਰਡ ਕਰ ਰਿਹਾ ਹੁੰਦਾ ਸੀ ਤਾਂ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦੀ ਵਰਤੋਂ ਕਰਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਮੈਂਬਰਾਂ ਦੀ ਆਜ਼ਾਦੀ ਦੇ ਅਧਿਕਾਰ ਦੀ ਸ਼ਰੇਆਮ ਉਲੰਘਣਾ ਹੈ, ਇਸ ਲਈ ‘ਆਪ’ ਸਰਕਾਰ ਨੇ ਸਿਧਾਂਤਕ ਤੌਰ ‘ਤੇ ਫੈਸਲਾ ਕੀਤਾ ਹੈ ਕਿ ਭਵਿੱਖ ਵਿੱਚ ਅਜਿਹਾ ਕਦੇ ਨਹੀਂ ਹੋਵੇਗਾ ਅਤੇ ਸਦਨ ਦੀ ਸਾਰੀ ਕਾਰਵਾਈ ਜਨਤਕ ਕੀਤੀ ਜਾਵੇਗੀ।