December 23, 2024

Chandigarh Headline

True-stories

ਪੰਜਾਬ ਦੇ ਖੇਤੀ ਟੈਕਨੋਕਰੇਟਸ ਨਾਲ ਹੋ ਰਹੇ ਵਿਤਕਰੇ ਵਿਰੁੱਧ ਭਾਰੀ ਰੋਸ

1 min read

ਮੋਹਾਲੀ, 4 ਅਪ੍ਰੈਲ, 2022: ਇੱਕ ਖੇਤੀ ਪ੍ਰਦਾਨ ਸੂਬਾ ਹੋਣ ਸਦਕਾ ਪੰਜਾਬ ਅਨਾਜ ਪੈਦਾ ਕਰਕੇ ਕੇਂਦਰੀ ਅੰਨ ਭੰਡਾਰ ਵਿੱਚ ਪ੍ਰਮੁੱਖ ਹਿੱਸਾ ਪਾਉਂਦਾ ਆ ਰਿਹਾ ਹੈ, ਜਿਸ ਦਾ ਸਿਹਰਾ ਜਿੱਥੇ ਕਿਸਾਨਾਂ ਦੀ ਹੱਡ-ਤੋੜਵੀਂ ਮਿਹਨਤ ਨੂੰ ਜਾਂਦਾ ਹੈ, ਉੱਥੇ ਖੇਤੀ ਖੋਜ ਅਤੇ ਪਸਾਰ ਸੇਵਾਵਾਂ ਦਾ ਵੀ ਇਸ ਪ੍ਰਾਪਤੀ ਵਿੱਚ ਅਹਿਮ ਰੋਲ ਹੈ। ਕੁਦਰਤੀ ਸੋਮਿਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਪੰਜਾਬ ਵਾਸੀਆਂ ਨੇ ਖੇਤੀ ਆਰਥਿਕਤਾ ਨੂੰ ਮੁੜ ਪੈਰਾ ਸਿਰ ਕਰਨ ਲਈ ਖੇਤੀ ਟੈਕਨੋਕਰੇਟਸ (ਪਲਾਂਟ ਡਾਕਟਰਜ) ਦੀਆਂ ਸੇਵਾਵਾਂ ਨੂੰ ਪਹਿਲਾਂ ਨਾਲੋਂ ਵਧੇਰੇ ਤਵੱਜੋਂ ਦੇਣ ਦੀ ਲੋੜ ਹੈ। ਪਰ ਕੁਝ ਖੇਤੀ ਵਿਰੋਧੀ ਸ਼ਕਤੀਆਂ ਲਗਾਤਾਰ ਕਿਸਾਨੀ ਨੂੰ ਢਾਹ ਲਾਉਣ, ਖੇਤੀ ਪਸਾਰ ਸੇਵਾਵਾਂ ਕਿਸਾਨਾਂ ਕੋਲੋਂ ਖੋਹਣ ਅਤੇ ਖੇਤੀ ਟੈਕਨੋਕਰੇਟਸ ਨੂੰ ਦਬਾਉਣ ਦਾ ਯਤਨ ਕਰ ਰਹੀਆਂ ਹਨ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਐਗਰੀਕਲਚਰ ਟੈਕਨੋਕਰੇਟ ਐਕਸ਼ਨ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਡਾ. ਸੁਖਬੀਰ ਸਿੰਘ ਸੰਧੂ ਅਤੇ ਐਗਟੈਕ ਦੇ ਸਾਬਕਾ ਜਨਰਲ ਸਕੱਤਰ ਡਾ. ਸਤਨਾਮ ਸਿੰਘ ਅਜਨਾਲਾ ਨੇ ਕੀਤਾ। ਉਹਨਾਂ ਅੱਗੇ ਕਿਹਾ ਕਿ ਭਾਵੇਂ ਕਿ ਪੰਜਾਬ ਵਿੱਚ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਹੋਇਆਂ ਛੇ ਮਹੀਨੇ ਦੇ ਕਰੀਬ ਸਮਾਂ ਹੋ ਚੁੱਕਾ ਹੈ, ਪਰ ਬਾਗਬਾਨੀ ਵਿਭਾਗ ਅਤੇ ਖੇਤੀਬਾੜੀ, ਭੂਮੀ ਰੱਖਿਆ ਵਿਭਾਗ ਦੇ ਕੁੱਝ ਅਧਿਕਾਰੀਆਂ ਦੀ ਅਜੇ ਤੱਕ ਨਵੇਂ ਤਨਖਾਹ ਸਕੇਲਾਂ ਮੁਤਾਬਕ ਤਨਖਾਹ ਫਿਕਸ ਨਾ ਕਰਨਾ ਖੇਤੀ ਅਧਿਕਾਰੀਆਂ ਨਾਲ ਧੋਖਾ ਹੈ। ਇਥੇ ਹੀ ਬੱਸ ਨਹੀਂ ਸਗੋਂ ਉਪਰੋਕਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਤੋਂ ਵਾਂਝੇ ਰੱਖਣਾ ਅਤੇ 01-01-1986 ਤੋਂ ਵੈਟਰਨਰੀ ਡਾਕਟਰਾਂ ਨਾਲ ਚਲਦੀ ਆ ਰਹੀ ਤਨਖਾਹ ਸਮਾਨਤਾ ਤੋੜਨ ਦੀ ਕੋਸ਼ਿਸ਼ ਖੇਤੀ ਟੈਕਨੋਕਰੇਟਸ ਨਾਲ ਵੱਡੀ ਬੇਇਨਸਾਫੀ ਹੈ।

ਉਹਨਾਂ ਕਿਹਾ ਕਿ ਐਗਰੀਕਲਚਰ ਸੈਕਟਰ ਇਕ ਮਹੱਤਵਪੂਰਨ ਵਿਭਾਗ ਹੈ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਵਿਭਾਗ ਲਈ ਕਿਸੇ ਮੰਤਰੀ ਨੂੰ ਪੋਰਟਫੋਲੀਓ ਨਾ ਦੇਣਾ ਅਤੇ ਇਸਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰਨਾ ਅਤਿ ਮੰਦਭਾਗਾ ਹੈ। ਉਹਨਾਂ ਅੱਗੇ ਕਿਹਾ ਕਿ ਡਾਇਰੈਕਟਰ ਖੇਤੀਬਾੜੀ, ਸੰਯੁਕਤ ਡਾਇਰੈਕਟਰ ਅਤੇ ਕੁਝ ਜ਼ਿਲਾ ਮੁਖੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਪਰ ਪੱਕੀਆਂ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ। ਇਸ ਸਮੇਂ ਵੱਡੀ ਗਿਣਤੀ ਵਿੱਚ ਖੇਤੀਬਾੜੀ ਵਿਕਾਸ ਅਫਸਰਾਂ/ਬਾਗਬਾਨੀ ਵਿਕਾਸ ਅਫ਼ਸਰਾਂ/ਭੂਮੀ ਰੱਖਿਆ ਅਫਸਰ, ਫੀਡ ਅਤੇ ਚਾਰਾ ਅਫਸਰ ਦੀਆਂ ਅਸਾਮੀਆਂ ਵੀ ਖਾਲੀ ਹਨ। ਪੰਜਾਬ ਸਰਕਾਰ ਵੱਲੋਂ 20,000 ਬੇਰੋਜ਼ਗਾਰਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਕਰਨ ਦੀ ਪ੍ਰਕਿਰਿਆ ਆਰੰਭੀ ਗਈ ਹੈ ਪਰ ਇਸ ਗਿਣਤੀ ਵਿਚ ਇਨਾਂ ਅਸਾਮੀਆਂ ਦਾ ਜ਼ਿਕਰ ਤੱਕ ਨਹੀਂ ਹੈ। ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਭਾਗਾਂ ਵਿੱਚ ਜਲਦ ਉੱਚ ਯੋਗਤਾ ਵਾਲੇ ਖੇਤੀ ਮਾਹਿਰਾਂ ਦੀ ਭਰਤੀ ਕੀਤੀ ਜਾਵੇ ਅਤੇ ਵੈਟਰਨਰੀ ਡਾਕਟਰਾਂ ਨਾਲ ਚਲਦੀ ਤਨਖਾਹ ਸਮਾਨਤਾ ਬਰਕਰਾਰ ਰੱਖ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਜਾਵੇ।

ਇਸੇ ਤਰਾਂ ਪੰਜਾਬ ਖੇਤੀਬਾਡੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਤੋਂ ਲੈ ਕੇ ਲਗਭੱਗ ਸਾਰੀਆਂ ਅਹਿਮ ਪੋਸਟਾਂ ਇਸ ਸਮੇਂ ਖਾਲੀ ਪਈਆਂ ਹਨ। ਕਿਸਾਨ ਹਿੱਤ ਵਿਚ ਇਹ ਤੁਰੰਤ ਪ੍ਰਭਾਵ ਨਾਲ ਭਰੀਆਂ ਜਾਣੀਆਂ ਚਾਹੀਦੀਆਂ ਹਨ।

ਨਵੀਂ ਸਰਕਾਰ ਤੋਂ ਆਸ ਕਰਦੇ ਹਾਂ ਕਿ ਉਹ ਇਨਾਂ ਹੱਕੀ ਅਤੇ ਜਾਇਜ਼ ਮੰਗਾਂ ਵੱਲ ਫੌਰੀ ਧਿਆਨ ਦੇਵੇਗੀ ਨਹੀਂ ਤਾਂ ਖੇਤੀ ਟੈਕਨੋਕਰੇਟਸ ਕਿਸਾਨਾਂ ਨੂੰ ਨਾਲ ਲੈ ਕੇ ਆਉਂਦੀ 20 ਅਪੈ੍ਰਲ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਧਰਨਾ ਦੇਣ ਲਈ ਮਜਬੂਰ ਹੋਣਗੇ।ਇਸ ਮੌਕੇ ਉਹਨਾਂ ਤੋਂ ਇਲਾਵਾ ਡਾ. ਬਲਵਿੰਦਰ ਸਿੰਘ ਬੁਟਾਰੀ ਸਾਬਕਾ ਕਨਵੀਨਰ ਐਗਟੈਕ, ਡਾ. ਸੁਸ਼ੀਲ ਕੁਮਾਰ ਕਨਵੀਨਰ ਐਗਟੈਕ, ਡਾ. ਕਿਰਪਾਲ ਸਿੰਘ ਢਿੱਲੋਂ ਪ੍ਰਧਾਨ ਖੇਤੀਬਾੜੀ ਅਫਸਰ ਐਸੋਸੀਏਸ਼ਨ, ਡਾ. ਗੁਰਮੇਲ ਸਿੰਘ ਜਨ. ਸਕੱਤਰ ਖੇਤੀਬਾੜੀ ਅਫਸਰ ਐਸੋ:, ਡਾ. ਹਰਜਿੰਦਰ ਸਿੰਘ ਪ੍ਰਧਾਨ, ਡਾ. ਪਰਮਵੀਰ ਸਿੰਘ ਮਾਵੀ ਅਤੇ ਡਾ. ਵਿਜੇ ਮਹੇਸ਼ੀ ਜਨ. ਸਕੱਤਰ (ਭੂਮੀ ਰੱਖਿਆ ਅਫਸਰ ਐਸੋ:) ਡਾ. ਨਿਖਿਲ ਮਹਿਤਾ ਬਾਗਬਾਨੀ ਵਿਭਾਗ, ਡਾ. ਚਤਰਜੀਤ ਸਿਘ, ਡਾ. ਹਰਮਨਪ੍ਰੀਤ ਸਿੰਘ ਸੰਧੂ ਅਤੇ ਹਰਵਿੰਦਰ ਸਿੰਘ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..