9 ਹਜ਼ਾਰ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੀ ਇਕ ਮਹੀਨੇ ਅੰਦਰ ਹੋਵੇਗੀ ਭਰਤੀ-ਡਾ. ਵਿਜੇ ਸਿੰਗਲਾ
1 min readਮਾਨਸਾ, 23 ਅਪ੍ਰੈਲ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਮੈਡੀਕਲ ਢਾਂਚੇ ਅਤੇ ਸਿਹਤ ਸੇਵਾਵਾਂ ’ਚ ਹੋਰ ਵਧੇਰੇ ਸੁਧਾਰ ਲਿਆਉਣ ਲਈ ਕਰੀਬ 9 ਹਜ਼ਾਰ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੀ ਇਕ ਮਹੀਨੇ ਅੰਦਰ ਭਰਤੀ ਪ੍ਰਕਿਰਿਆ ਹੋਣ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਵਿਜੇ ਸਿੰਗਲਾ ਨੇ ਅੱਜ ਮਾਨਸਾ ਵਿਖੇ ਵਿਸ਼ਵ ਮਲੇਰੀਆ ਦਿਵਸ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਪੰਜਾਬ ਨੂੰ ਮੋਹਰੀ ਬਣਾਉਣ ਲਈ ਰਾਜ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਸਿਹਤ ਖੇਤਰ ’ਚ ਮਾੜਾ ਹਾਲ ਰਿਹਾ ਹੈ, ਜਿਸਦੇ ਨਤੀਜੇ ਪੰਜਾਬ ਦੇ ਲੋਕਾਂ ਨੂੰ ਕੋਵਿਡ ਮਹਾਂਮਾਰੀ ਦਰਮਿਆਨ ਵੀ ਭੁਗਤਣੇ ਪਏ ਹਨ। ਉਨਾਂ ਕਿਹਾ ਕਿ ਰਾਜ ਸਰਕਾਰ ਨੇ ਹੁਣ ਸਿਹਤ ਸੇਵਾਵਾਂ ’ਚ ਇਨਕਲਾਬ ਲਿਆਉਣ ਦਾ ਤਹੱਈਆ ਕੀਤਾ ਹੈ। ਉਨਾਂ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਹੋਰਨਾ ਅਧਿਕਾਰੀਆਂ ਨੂੰੰ ਇਲਾਜ ਕਰਵਾਉਣ ਆਏ ਹਰੇਕ ਮਰੀਜ਼ ਨੂੰ ਚੰਗੀਆ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਹਸਪਤਾਲ ਹੋਵੇਂ ਭਾਵੇਂ ਕੋਈ ਹੋਰ ਅਦਾਰਾ ਲੋਕਾਂ ਨੂੰ ਚੰਗੀਆ ਸੇਵਾਵਾਂ ਦੇਣ ’ਚ ਅਧਿਕਾਰੀਆ ਦਾ ਅਹਿਮ ਰੋਲ ਹੁੰਦਾ ਹੈ।
ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਮਲੇਰੀਆ, ਡੇਂਗੂ ਵਰਗੀਆਂ ਬਿਮਾਰੀਆਂ ਤੋਂ ਰਾਜ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕਰੀਬ 50 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ 100 ਫੋਗਿੰਗ ਮਸ਼ੀਨਾ ਦੀ ਖਰੀਦ ਕੀਤੀ ਜਾ ਰਹੀ ਹੈ, ਤਾਂ ਜੋ ਡੇਂਗੂ, ਮਲੇਰੀਆ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਮਲੇਰੀਆ ਅਤੇ ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਇਲਾਜ ਕਰਨ ਲਈ ਹਰ ਤਰਾ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਰਾਜ ਅੰਦਰ ਡੇਂਗੂ ਅਤੇ ਮਲੇਰੀਆ ਨਾਲ ਕੋਈ ਵਿਅਕਤੀ ਪੀੜਤ ਨਾ ਹੋਵੇ।
ਉਨਾਂ ਕਿਹਾ ਕਿ 2024 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਕਾਰਜ਼ਸੀਲ ਹਨ, ਜਿਸਦੇ ਲਈ ਰਾਜ ਦੇ ਲੋਕਾਂ ਦਾ ਸਹਿਯੋਗ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਅਤੇ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੇ ਲੱਛਣ ਹੋਣ ਦੀ ਤੁਰੰਤ ਮੁੱਢਲੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲਾ ਪੱਧਰ ’ਤੇ ਸਾਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਆਮ ਲੋਕਾਂ ਨੂੰ ਵੈਕਟਰ ਬੌਰਨ ਬਿਮਾਰੀਆ ਦੇ ਬਚਾਅ ਬਾਰੇ ਵੱਧ ਤੋ ਵੱਧ ਜਾਗਰੂਕ ਕਰਨ ਲਈ ਕਿਹਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ’ਚ ਰਾਜ ਦੇ ਲੋਕਾਂ ਨੇ ਜੋ ਵਿਸ਼ਵਾਸ ਦਿਖਾਇਆ ਹੈ, ਲੋਕਾਂ ਦੀ ਉਮੀਦਾਂ ਅਤੇ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਆਪ ਸਰਕਾਰ ਪੂਰੀ ਤਰਾਂ ਲੋਕਾਂ ਦੇ ਨਾਲ ਹੈ। ਇਸ ਤੋਂ ਪਹਿਲਾ ਵਿਧਾਇਕ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਸੂਬੇ ਦੀ ਤਰੱਕੀ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਈ ਠੋਸ ਕਦਮ ਨਹੀ ਚੁੱਕੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਖੇਤਰ ’ਚ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੇ ਨਤੀਜੇ ਸਾਮਣੇ ਆਉਣ ਲੱਗੇ ਹਨ। ਉਨਾਂ ਕਿਹਾ ਕਿ ਲੋਕ ਮਸਲਿਆਂ ਨੂੰ ਹਲ ਕਰਨ ਲਈ ਆਪ ਸਰਕਾਰ ਲੋਕਾਂ ਦੀ ਬਰੂਹਾਂ ਦੇ ਜਾ ਕੇ ਕੰਮ ਕਰਨ ’ਚ ਵਿਸ਼ਵਾਸ ਰੱਖਦੀ ਹੈ।
ਇਸ ਮੌਕੇ ਵਿਧਾਇਕ ਸਰਦੂਲਗੜ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜ਼ਿਲਾ ਮਾਨਸਾ ਨੂੰ ਮਲੇਰੀਆ ਮੁਕਤ ਬਣਾਉਣ ਲਈ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆ ’ਚ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨਾਂ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੂੰ ਪਿਛਲੀ ਦਿਨੀ ਲਗਾਏ ਬਲਾਕ ਪੱਧਰੀ ਸਿਹਤ ਮੇਲਿਆ ਦੀ ਤਰਜ਼ ’ਤੇ ਪਿੰਡ ਪੱਧਰ ’ਤੇ ਅਜਿਹੇ ਸਿਹਤ ਮੇਲੇ ਹਰੇਕ ਮਹੀਨੇ ਲਗਾਉਣ ਲਈ ਕਿਹਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਡਾਕਟਰੀ ਸਲਾਹ ਲਈ ਜਾਵੇ, ਸਰਕਾਰੀ ਹਸਪਤਾਲਾਂ ਅੰਦਰ ਇਨਾਂ ਬਿਮਾਰੀਆਂ ਦੇ ਪੀੜਤ ਮਰੀਜ਼ਾਂ ਦਾ ਮੁਫ਼ਤ ਇਲਾਜ ਹੁੰਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸਿਹਤ ਮੰਤਰੀ ਪੰਜਾਬ ਡਾ. ਵਿਜੇ ਸਿੰਗਲਾ ਨੂੰ ਭਰੋਸਾ ਦਿਵਾਇਆ ਕਿ ਵੈਕਟਰਬੌਰਨ ਬਿਮਾਰੀਆਂ ਨੂੰ ਜ਼ਿਲੇ ਅੰਦਰ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਹਰੇਕ ਲੋੜੀਂਦੇ ਕਦਮ ਪੁੱਟੇ ਜਾਣਗੇ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮਲੇਰੀਆ, ਡੇਂਗੂ ਸਬੰਧੀ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਇਸਦੇ ਬਚਾਅ ਬਾਰੇ ਪ੍ਰੇਰਿਤ ਕੀਤਾ ਜਾਵੇਗਾ, ਤਾਂ ਜੋ ਜ਼ਿਲੇ ਅੰਦਰ ਮਲੇਰੀਆ ਦਾ ਕੋਈ ਕੇਸ ਨਾ ਹੋਵੇ।
ਇਸ ਤੋਂ ਪਹਿਲਾ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਵੱਲੋਂ ਅੰਮਿ੍ਰਤਸਰ, ਬਰਨਾਲਾ, ਫਤਹਿਗੜ ਸਾਹਿਬ, ਫਿਰੋਜ਼ਪੁਰ,ਪਟਿਆਲਾ, ਜਲੰਧਰ, ਕਪੂਰਥਲਾਂ, ਐਸ.ਬੀ.ਐਸ.ਨਗਰ, ਸੰਗਰੂਰ ਅਤੇ ਤਰਨਤਾਰਨ ਜ਼ਿਲਿਆ ਅੰਦਰ ਮਲੇਰੀਆ ਦਾ ਕੋਈ ਕੇਸ ਨਾ ਹੋਣ ’ਤੇ ਸਿਹਤ ਵਿਭਾਗ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਕੈਬਨਿਟ ਮੰਤਰੀ ਸਮੇਤ ਹੋਰਨਾਂ ਮਹਿਮਾਨਾਂ ਦਾ ਸਿਹਤ ਵਿਭਾਗ ਪੰਜਾਬ ਵੱਲੋਂ ਸਾਫ਼ ਸੁਥਰਾ ਵਾਤਾਵਰਣ ਸਿਰਜਣ ਵਾਲੇ ਪੌਦੇ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ’ਚ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਮਲੇਰੀਆ ਤੋਂ ਸੁਰੱਖਿਅਤ ਰਹਿਣ ਲਈ ਪੇ੍ਰਰਿਤ ਕਰਦੀ ਸਕਿੱਟ ਪੇਸ਼ ਕੀਤੀ ਗਈ।
ਇਸ ਮੌਕੇ ਜ਼ਿਲਾ ਪੁਲਿਸ ਮੁਖੀ ਗੋਰਵ ਤੁਰਾ, ਐਸ.ਡੀ.ਐਮ. ਸਰਦੂਲਗੜ ਮਨੀਸ਼ਾ ਰਾਣਾ, ਐਸ.ਡੀ.ਐਮ. ਮਾਨਸਾ ਹਰਜਿੰਦਰ ਸਿੰਘ ਜੱਸਲ, ਡਾਇਰੈਕਟ ਸਿਹਤ ਸੇਵਾਵਾਂ ਡਾ. ਓ.ਪੀ. ਗੌਜਰਾ, ਡਾ ਰਾਕੇਸ ਸਹਿਗਲ, ਡਾ. ਗਗਨਦੀਪ ਸਿੰਘ ਗਰੋਵਰ, ਡਾ. ਉਮੇਸ਼ ਚਾਵਲਾ, ਡਾ. ਜਨਕ ਰਾਜ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।