ਕਿਸਾਨ ਆਗੂ ਬੈਦਵਾਨ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
ਮੋਹਾਲੀ, 12 ਫ਼ਰਵਰੀ, 2022: ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਨੇਕ ਨੀਅਤੀ, ਇਮਾਨਦਾਰੀ ਵਾਲੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸ਼ਹਿਰ ਮੋਹਾਲੀ ਨਿਵਾਸੀ ਕਿਸਾਨ ਆਗੂ ਨਛੱਤਰ ਬੈਦਵਾਨ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਦਾ ਕੁਲਵੰਤ ਸਿੰਘ ਵੱਲੋਂ ਆਪਣੇ ਦਫ਼ਤਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੋਹਾਲੀ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਆਪਣੇ ਬਤੌਰ ਕੈਬਨਿਟ ਮੰਤਰੀ ਇਸੇ ਕਾਰਜਕਾਲ ਦੌਰਾਨ ਮਚਾਈ ਹੋਈ ਅੱਤ ਨੂੰ ਦੇਖ ਕੇ ਉਨ੍ਹਾਂ ਨੇ ਚੋਣ ਲਡ਼ਨ ਦਾ ਮਨ ਬਣਾਇਆ। ਉਨ੍ਹਾਂ ਦੱਸਿਆ ਕਿ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਹਲਕਾ ਮੋਹਾਲੀ ਦੇ ਪਿੰਡਾਂ ਵਿੱਚ ਸ਼ਾਮਲਾਤ ਜ਼ਮੀਨਾਂ ਉਤੇ ਕਬਜ਼ੇ ਕਰਨ, ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਲੋਕਾਂ ਉਤੇ ਨਜਾਇਜ਼ ਪਰਚੇ ਦਰਜ ਕਰਵਾਉਣ ਦੇ ਹੱਦਾਂ ਬੰਨੇ ਟੱਪ ਗਿਆ ਜਿਸ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ।
ਕੁਲਵੰਤ ਸਿੰਘ ਨੇ ਕਿਹਾ ਕਿ ਆਪਣੇ ਹਲਕੇ ਦੇ ਲੋਕਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਗਰੀਬਾਂ ਦੇ ਖੋਹੇ ਜਾ ਰਹੇ ਹੱਕਾਂ ਨੂੰ ਬਚਾਉਣ ਲਈ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉੱਤਰੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੀ 20 ਫ਼ਰਵਰੀ ਨੂੰ ਵੋਟਿੰਗ ਮਸ਼ੀਨ ਉਤੇ ਚੋਣ ਨਿਸ਼ਾਨ ‘ਝਾਡ਼ੂ’ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ ਤਾਂ ਜੋ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਮੋਹਾਲੀ ਹਲਕੇ ਦਾ ਵੀ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਹਲਕਾ ਮੋਹਾਲੀ ਵਿੱਚ ਸਿੱਧੂ ਭਰਾਵਾਂ ਦੀ ਜੋਡ਼ੀ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਅੰਤ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਅਵਤਾਰ ਸਿੰਘ ਮੌਲੀ ਬੈਦਵਾਨ, ਛੱਜਾ ਸਿੰਘ ਸਰਪੰਚ ਕੁਰਡ਼ੀ, ਅਵਤਾਰ ਸਿੰਘ ਮਨੋਲੀ, ਹਰਪਾਲ ਸਿੰਘ ਚੰਨਾ, ਆਰ.ਪੀ. ਸ਼ਰਮਾ, ਸੁਖਮਿੰਦਰ ਸਿੰਘ ਬਰਨਾਲਾ, ਮਨਜੋਤ ਕੋਹਲੀ ਆਦਿ ਵੀ ਮੌਜੂਦ ਸਨ।