ਅੱਠਵੀਂ ਸ਼ੇ੍ਣੀ ਦੇ ਨਤੀਜਿਆਂ ਦਾ ਐਲਾਨ
1 min readਐੱਸ.ਏ.ਐੱਸ. ਨਗਰ, 2 ਜੂਨ, 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀਰਵਾਰ, 2 ਜੂਨ ਨੂੰ ਅਕਾਦਮਿਕ ਸਾਲ 2021-22 ਲਈ ਅੱਠਵੀਂ ਸ਼੍ਰੇਣੀ ਦਾ ਨਤੀਜਾ ਪ੍ਰੋ. ਯੋਗਰਾਜ, ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਰਚੂਅਲ ਮੀਟਿੰਗ ਰਾਹੀਂ ਐਲਾਨਿਆ ਗਿਆ। ਇਸ ਮੌਕੇ ਡਾ. ਵਰਿੰਦਰ ਭਾਟੀਆ, ਵਾਈਸ ਚੇਅਰਮੈਨ , ਸਵਾਤੀ ਟਿਵਾਣਾ (ਪੀ.ਸੀ.ਐੱਸ) ਸਕੱਤਰ, ਜੇ.ਆਰ. ਮਹਿਰੋਕ, ਕੰਟਰੋਲਰ ਪਰੀਖਿਆਵਾਂ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਪ੍ਰੋ. ਯੋਗਰਾਜ, ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਅਨੁਸਾਰ ਇਸ ਸਾਲ ਅੱਠਵੀਂ ਸ਼੍ਰੇਣੀ ਦੀ ਪਰੀਖਿਆ ਵਿੱਚ ਕੁੱਲ 307942 ਪਰਖਿਆਰਥੀ ਅਪੀਅਰ ਹੋਏ। ਜਿਨ੍ਹਾਂ ਵਿੱਚੋਂ 302558 ਪਰੀਖਿਆਰਥੀ ਪਾਸ ਹੋਏ। ਇਸ ਨਤੀਜੇ ਦੀ ਕੁੱਲ ਪਾਸ ਪ੍ਰਤੀਸ਼ਤਤਾ 98.25 ਰਹੀ।
ਪ੍ਰੋ. ਯੋਗਰਾਜ ਨੇ ਨਤੀਜੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਤੀਜੇ ਵਿੱਚ ਮੋਹਰੀ ਰਹੇ ਪਰੀਖਿਆਰਥੀਆਂ ਵਿੱਚੋਂ ਮਨਪ੍ਰੀਤ ਸਿੰਘ ਪੁੱਤਰ ਜਗਮੋਹਣ ਸਿੰਘ ਜੋ ਕਿ ਸਰਕਾਰੀ ਮਿਡਲ ਸਕੂਲ, ਗੁੰਮਟੀ ਜ਼ਿਲ੍ਹਾ ਬਰਨਾਲਾ ਦਾ ਵਿਦਿਆਰਥੀ ਹੈ, ਨੇ ਸ਼ਤ ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਦੂਜਾ ਸਥਾਨ ਐੱਸ.ਏ.ਬੀ. ਜੈਨ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ, ਊਨਾ ਰੋਡ, ਹੁਸ਼ਿਆਰਪੁਰ ਦੀ ਵਿਦਿਆਰਥਣ ਹਿਮਾਨੀ ਪੁੱਤਰੀ ਪੰਕਜ ਸੇਠੀ ਨੇ 99.33 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਹਾਸਲ ਕੀਤਾ ਅਤੇ ਕਰਮਨਪ੍ਰੀਤ ਕੌਰ ਪੁੱਤਰੀ ਹਰਭਿੰਦਰ ਸਿੰਘ ਜੋ ਕਿ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਪਿੰਡ ਨਵਾਂ ਤਨੇਲ, ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਵਿਦਿਆਰਥਣ ਹੈ, ਨੇ 99.33 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਪਰੀਖਿਆਰਥੀ ਇਸ ਪਰੀਖਿਆ ਵਿੱਚ ਪਾਸ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪਰੀਖਿਆ ਦੋ ਮਹੀਨੇ ਦੇ ਅੰਦਰ-ਅੰਦਰ ਕਰਵਾਈ ਜਾਵੇਗੀ, ਪਰ ਅਜਿਹੇ ਪਰੀਖਿਆਰਥੀ ਨੌਵੀਂ ਸ਼੍ਰੇਣੀ ਵਿੱਚ ਆਰਜੀ ਤੌਰ ਤੇ ਦਾਖਲਾ ਲੈ ਸਕਦੇ ਹਨ। ਇਨ੍ਹਾਂ ਵਿੱਚੋਂ ਜੋ ਪਰੀਖਿਆਰਥੀ ਸਪਲੀਮੈਂਟਰੀ ਪਰੀਖਿਆ ਵਿੱਚ ਪਾਸ ਹੋ ਜਾਣਗੇ, ਉਨ੍ਹਾਂ ਦਾ ਨਤੀਜਾ ‘ਪ੍ਰਮੋਟਿਡ’ ਅਤੇ ਜੋ ਇਸ ਪਰੀਖਿਆ ਵਿੱਚ ਪਾਸ ਨਹੀਂ ਹੋ ਸਕਣਗੇ, ਉਨ੍ਹਾਂ ਦਾ ਨਤੀਜਾ ‘ਨਾਟ ਪ੍ਰਮੋਟਿਡ’ ਹੋਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ ਪ੍ਰੋ. ਯੋਗਰਾਜ, ਨੇ ਕਿਹਾ ਕਿ ਅੱਠਵੀਂ ਸ਼੍ਰੇਣੀ ਦੀ ਮਾਰਚ 2022, ਟਰਮ-2 ਦੀ ਲਿਖਤੀ ਅਤੇ ਪ੍ਰਯੋਗੀ ਪਰੀਖਿਆ ਦੀ ਆਖ਼ਰੀ ਮਿਤੀ 9 ਮਈ 2022 ਸੀ ਅਤੇ ਨਤੀਜਾ 23 ਦਿਨਾਂ ਬਾਅਦ ਨਤੀਜਾ ਐਲਾਨ ਦਿੱਤਾ ਗਿਆ ਹੈ। ਇੰਨੇ ਘੱਟ ਸਮੇਂ ਵਿੱਚ ਨਤੀਜਾ ਤਿਆਰ ਕਰਨਾ ਸਮੂਹ ਬੋਰਡ ਅਧਿਕਾਰੀਆਂ ਕਰਮਚਾਰੀਆਂ ਅਤੇ ਮੁਲੰਕਣ ਕਰਨ ਵਾਲੇ ਅਮਲੇ ਦੀ ਸਖ਼ਤ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ ਜੋ ਕਿ ਅਤਿਅੰਤ ਸ਼ਲਾਘਾਯੋਗ ਹੈ।
ਕੰਟਰੋਲਰ ਪਰੀਖਿਆਵਾਂ ਜੇ.ਆਰ. ਮਹਿਰੋਕ ਨੇ ਮੀਟਿੰਗ ਦੌਰਾਨ ਦੱਸਿਆ ਕਿ ਅੱਠਵੀਂ ਸ਼੍ਰੇਣੀ ਦੇ ਨਤੀਜੇ ਸਬੰਧੀ ਪੂਰੇ ਵੇਰਵੇ, ਮੈਰਿਟ ਸੂਚੀ ਅਤੇ ਪਾਸ ਪ੍ਰਤੀਸ਼ਤਤਾ ਸ਼ੁੱਕਰਵਾਰ, 3 ਜੂਨ 2022 ਨੂੰ ਸਵੇਰ 10:00 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਅਤੇ www.indiaresults.com ਤੇ ਉਪਲਬਧ ਹੋਣਗੇ। ਇਹ ਦਰਸਾਏ ਅੰਕ ਕੇਵਲ ਪਰੀਖਿਆਰਥੀਆਂ ਅਤੇ ਸਕੂਲਾਂ ਦੀ ਸੂਚਨਾ ਹਿਤ ਹੋਣਗੇ ਅਤੇ ਇਸ ਸਬੰਧੀ ਸਰਟੀਫ਼ਿਕੇਟ ਬਾਅਦ ਵਿੱਚ ਜਾਰੀ ਕੀਤੇ ਜਾਣਗੇ।
ਇਸ ਵਰਚੂਅਲ ਮੀਟਿੰਗ ਦੇ ਅੰਤ ਵਿੱਚ ਸਵਾਤੀ ਟਿਵਾਣਾ, ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੀਟਿੰਗ ਵਿੱਚ ਸ਼ਾਮਲ ਸਮੂਹ ਮੀਡੀਆ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।