December 26, 2024

Chandigarh Headline

True-stories

ਲੈਂਡਚੈਸਟਰ ਕੰਪਨੀ ਦੇ ਮਾਲਕ ਮੇਅਰ ਜੀਤੀ ਸਿੱਧੂ ‘ਤੇ ਕਿਸਾਨ ਪਰਿਵਾਰ ਨੇ ਲਾਏ ਜ਼ਬਰਦਸਤੀ ਜ਼ਮੀਨ ਦੱਬਣ ਦੇ ਦੋਸ਼

1 min read

ਮੋਹਾਲੀ, 27 ਜੂਨ, 2022: ਸੂਬੇ ਵਿਚ ਜੜ੍ਹ ਤੋਂ ਨਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਰਾਜ ਵਿਚ ਵੀ ਜ਼ਬਰਦਸਤੀ ਜ਼ਮੀਨ ਦੱਬਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਮਾਮਲਾ ਪਿੰਡ ਬਾਕਰਪੁਰ ਜ਼ਿਲ੍ਹਾ ਮੋਹਾਲੀ ਦੇ ਇਕ ਕਿਸਾਨ ਪਰਿਵਾਰ ਨੇ ਉਜਾਗਰ ਕੀਤਾ ਹੈ। ਉਹਨਾਂ ਲੈਂਡਚੈਸਟਰ ਕੰਪਨੀ ਦੇ ਮਾਲਕ ਮੇਅਰ ਜੀਤੀ ਸਿੱਧੂ ‘ਤੇ ਉਹਨਾਂ ਦੀ ਜ਼ਮੀਨ ਉਪਰ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਅਤੇ ਇਨਸਾਫ ਨਾ ਮਿਲਣ ਉਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ ਲਾਉਣ ਦੀ ਧਮਕੀ ਦਿੱਤੀ ਹੈ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਕੁਲਵਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਬਾਕਰਪੁਰ ਨੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਉਪਰ ਸਾਥੀਆਂ ਸਮੇਤ ਉਹਨਾਂ ਦੀ ਜ਼ਮੀਨ ਜ਼ਬਰਦਸਤੀ ਦੱਬਣ ਦੇ ਗੰਭੀਰ ਦੋਸ਼ ਲਾਏ ਹਨ। ਉਹਨਾਂ ਦੱਸਿਆ ਕਿ ਸਾਡੇ ਪਰਿਵਾਰ ਨੇ ਪਿੰਡ ਮਾਣਕਪੁਰ ਕਲਰ ਥਾਣਾ ਸੋਹਾਣਾ ਵਿਖੇ ਸਾਢੇ ਛੇ ਏਕੜ ਖੇਤੀਯੋਗ ਜ਼ਮੀਨ ਹਰਬਾਜ ਸਿੰਘ ਪੁੱਤਰ ਜਸਵੀਰ ਸਿੰਘ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਖਰੀਦੀ ਸੀ। ਜ਼ਮੀਨ ਦਾ ਇੰਤਕਾਲ ਵੀ ਸਾਡੇ ਨਾਮ ਉਪਰ ਹੋ ਚੁੱਕਾ ਹੈ ਅਤੇ ਇਸ ਜ਼ਮੀਨ ਉਤੇ ਸਾਡਾ ਕਬਜ਼ਾ ਹੈ। ਉਹਨਾਂ ਦਸਿਆ ਕਿ ਮੇਰਾ ਲੜਕਾ ਗੁਰਵਿੰਦਰ ਸਿੰਘ ਜੋ ਕਿ ਬੀਤੀ 30 ਮਈ 2022 ਨੂੰ ਜ਼ਮੀਨ ਦੀ ਵਾਹੀ ਕਰ ਰਿਹਾ ਸੀ ਤਾਂ ਉਸ ਮੌਕੇ ਕੁਝ ਵਿਅਕਤੀਆਂ ਨੇ ਜੋ ਆਪਣੇ ਆਪ ਨੂੰ ਲੈਂਡਚੈਸਟਰ ਕੰਪਨੀ ਦੇ ਮੁਲਾਜ਼ਮ ਦੱਸਦੇ ਸਨ, ਨੇ ਟਰੈਕਟਰ ਚਲਾ ਰਹੇ ਮੇਰੇ ਪੁੱਤਰ ਦੇ ਕੰਨ ਨੂੰ ਫੋਨ ਲਾ ਕੇ ਕਿਹਾ ਕਿ “ਆ ਜੀਤੀ ਸਿੱਧੂ ਨਾਲ ਗੱਲ ਕਰ।” ਮੇਰੇ ਬੇਟੇ ਨੂੰ ਉਸ ਸਮੇਂ ਕੁਝ ਵੀ ਪਤਾ ਨਹੀਂ ਸੀ ਕਿ ਜੀਤੀ ਸਿੱਧੂ ਕੌਣ ਹੈ ਅਤੇ ਫੋਨ ‘ਤੇ ਬੋਲਣ ਵਾਲੇ ਨੇ ਕਿਹਾ ਕਿ “ਮੈਂ ਜੀਤੀ ਸਿੱਧੂ ਬੋਲ ਰਿਹਾਂ ਅਤੇ ਜੇਕਰ ਤੁਸੀਂ ਇਹ ਜ਼ਮੀਨ ਨਾ ਛੱਡੀ ਤਾਂ ਤੁਹਾਡਾ ਜਾਨੀ-ਮਾਲੀ ਨੁਕਸਾਨ ਕਰ ਦਿੱਤਾ ਜਾਵੇਗਾ।”

ਉਹਨਾਂ ਅੱਗੇ ਕਿਹਾ ਕਿ ਅਸੀਂ ਇਸ ਗੱਲ ਉਪਰ ਕੋਈ ਜ਼ਿਆਦਾ ਗੌਰ ਨਹੀਂ ਕੀਤਾ ਪਰ ਬੀਤੀ ਰਾਤ ਕਰੀਬ 7.30 ਵਜੇ ਇਕ ਵਾਰ ਫੇਰ ਉਪਰੋਕਤ ਵਿਅਕਤੀਆਂ ਨੇ ਆਪਣੇ ਸਾਥੀਆਂ ਸਮੇਤ ਸਾਡੇ ਖੇਤ ਵਿਚ ਟਰੈਕਟਰ ਲਿਆ ਕੇ ਜ਼ਮੀਨ ਉਪਰ ਕਬਜ਼ਾ ਕਰਨ ਦੀ ਮਨਸ਼ਾ ਨਾਲ ਖੇਤ ਦੀ ਵੱਟ ਵਾਹ ਦਿੱਤੀ। ਉਹਨਾਂ ਕਿਹਾ ਕਿ ਜਦੋਂ ਅਸੀਂ ਉਥੇ ਝੋਨਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੀਆਂ ਵੱਟਾਂ ਤੋੜ ਦਿੱਤੀਆਂ ਜਾਂਦੀਆਂ ਹਨ ਅਤੇ ਸਾਡੀ ਨਿਸ਼ਾਨਦੇਹੀ ਵਾਲੀਆਂ ਬੁਰਜੀਆਂ ਵੀ ਪੁੱਟ ਦਿੱਤੀਆਂ ਹਨ ਅਤੇ ਇਹ ਵਰਤਾਰਾ ਤਿੰਨ ਵਾਰ ਹੋ ਚੁੱਕਿਆ ਹੈ।

ਉਹਨਾਂ ਦਸਿਆ ਕਿ ਇਸ ਮਾਮਲੇ ਸਬੰਧੀ ਅਸੀਂ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨਾਲ ਵੀ ਸੰਪਰਕ ਕੀਤਾ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਜੀਤੀ ਸਿੱਧੂ ਖਿ਼ਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਭਾਵੇਂ ਪੰਜਾਬ ਵਿਚ ਸਰਕਾਰ ਵੀ ਬਦਲ ਚੁੱਕੀ ਹੈ ਪਰ ਅਜੇ ਵੀ ਉਚ ਅਫ਼ਸਰ ਜੀਤੀ ਸਿੱਧੂ ਦੇ ਪੱਖ ਵਿਚ ਹੀ ਬੋਲ ਰਹੇ ਹਨ ਅਤੇ ਮੌਜੂਦਾ ਵਿਧਾਇਕ ਦੀ ਗੱਲ ਤੱਕ ਨਹੀਂ ਸੁਣ ਰਹੇ। ਕੁਲਵਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਬਾਕਰਪੁਰ ਨੇ ਪੁਲਿਸ ਥਾਣਾ ਵਿਖੇ ਮੁੱਖ ਅਫ਼ਸਰ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਉਪਰੋਕਤ ਵਿਅਕਤੀਆਂ ਖਿ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਸਾਡੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਸਾਡੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ ਕਿਉਂਕਿ ਉਪਰੋਕਤ ਵਿਅਕਤੀ ਆਪਣੇ ਰਾਜਸੀ ਅਸਰ ਰਸੂਖ ਨਾਲ ਧੱਕੇ ਨਾਲ ਸਾਡੀ ਜ਼ਮੀਨ ਉਪਰ ਕਬਜ਼ਾ ਕਰਨ ਲਈ ਤਤਪਰ ਹਨ ਅਤੇ ਇਹ ਵਿਅਕਤੀ ਕਿਸੇ ਵੀ ਸਮੇਂ ਸਾਡੇ ਪਰਿਵਾਰ ਨੂੰ ਜਾਨੀ ਜਾਂ ਮਾਲੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਸਮੇਂ ਉਹਨਾਂ ਨਾਲ ਪ੍ਰਦੀਪ ਸਿੰਘ ਚੰਡੀਗੜ੍ਹ ਅਤੇ ਹਰਜਿੰਦਰ ਸਿੰਘ ਬਾਕਰਪੁਰ ਵੀ ਹਾਜ਼ਰ ਸਨ।

ਕੀ ਕਹਿਣਾ ਹੈ ਮੇਅਰ ਜੀਤੀ ਸਿੱਧੂ ਦਾ : ਜਦੋਂ ਇਸ ਮਾਮਲੇ ਸਬੰਧੀ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਅਜਿਹਾ ਕੋਈ ਵੀ ਧੱਕਾ ਨਹੀਂ ਕੀਤਾ, ਸਗੋਂ ਇਹ ਵਿਅਕਤੀ ਖੁਦ ਸਾਡੇ ਨਾਲ ਧੱਕਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਸੀਂ ਮੋਹਾਲੀ ਦੇ ਐਸਐਸਪੀ ਸਾਹਿਬ ਕੋਲ ਉਪਰੋਕਤ ਦੋਸ਼ ਦਾਇਰ ਕਰਨ ਵਾਲੇ ਵਿਅਕਤੀਆਂ ਖਿ਼ਲਾਫ਼ ਦਰਖਾਸਤ ਵੀ ਦਿੱਤੀ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..