ਜਲ ਸ਼ਕਤੀ ਅਭਿਆਨ-ਕੈਚ ਦਾ ਰੇਨ ਮੁਹਿੰਮ ਅਧੀਨ ਕੀਤੇ ਕੰਮਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ
1 min readਐਸ.ਏ.ਐਸ ਨਗਰ, 6 ਜੁਲਾਈ, 2022: ਪਾਣੀ ਦੇ ਸੋਮਿਆਂ ਦੀ ਸਾਂਭ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਭਾਰਤ ਸਰਕਾਰ ਦੁਆਰਾ ਚਲਾਈ ਗਈ ਜਲ ਸ਼ਕਤੀ ਅਭਿਆਨ-ਕੈਚ ਦਾ ਰੇਨ ਮੁਹਿੰਮ ਅਧੀਨ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਅੱਜ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ ਇਹ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ।
ਮੀਟਿੰਗ ਦੌਰਾਨ ਤਲਵਾੜ ਵਲੋਂ ਪਾਣੀ ਦੇ ਸੋਮਿਆਂ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ 'ਚ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਚੱਲ ਰਹੇ ਪ੍ਰੋਜੈਕਟਾਂ ਦਾ ਬਰੀਕੀ ਨਾਲ ਜਾਇਜ਼ਾ ਲਿਆ ਗਿਆ । ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ 'ਚ ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ 'ਤੇ ਆਜ਼ਾਦੀ ਕਾ ਅੰਮਿ੍ਤ ਮਹਾਉਤਸਵ ਤਹਿਤ ਜ਼ਿਲ੍ਹੇ 'ਚ ਨਦੀਆਂ, ਨਾਲਿਆਂ ਦੀ ਜੀਉ ਟੈਗਿੰਗ, ਧਰਤੀ ਹੇਠਲੇ ਪਾਣੀ ਦਾ ਪ੍ਰਬੰਧਨ, ਮੀਂਹ ਦੇ ਪਾਣੀ ਨੂੰ ਸੰਭਾਲਣ, ਜਲ ਸ਼ਕਤੀ ਕੇਂਦਰਾਂ ਦੀ ਸਥਾਪਨਾ, ਅਤੇ ਬੂਟੇ ਲਾਉਣੇ ਆਦਿ ਕਾਰਜਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇ । ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪਾਣੀ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਪਾਣੀ ਦੀ ਸੰਭਾਲ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਜਿਵੇਂ ਕਿ ਹਸਪਤਾਲਾਂ, ਡਿਸਪੈਂਸਰੀਆਂ, ਬੈਂਕਾਂ, ਸਕੂਲਾਂ ਅਤੇ ਕਾਲਜਾਂ ਆਦਿ ਦੀਆਂ ਇਮਾਰਤਾਂ 'ਚ ਪਾਣੀ ਦੀ ਸੰਭਾਲ ਕਰਕੇ ਇਸ ਨੂੰ ਸਟੋਰ ਕਰਨ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਪਾਣੀ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪਾਣੀ ਦੀ ਸਾਂਭ ਸੰਭਾਲ ਸੰਬਧੀ ਹੋਰ ਯੋਜਾਨਾ ਬਣਾਉਂਣ ਦੇ ਨਿਰਦੇਸ਼ ਵੀ ਦਿੱਤੇ ।
ਇਸ ਮੁਹਿੰਮ ਸਬੰਧੀ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬਰਸਾਤਾਂ ਦੇ ਪਾਣੀ ਦੀ ਸੰਭਾਲ, ਪ੍ਰੰਪਰਾਗਤ ਪਾਣੀ ਸਰੋਤਾਂ ਦੀ ਪੂਨਰਸੁਰਜੀਤੀ, ਪਾਣੀ ਦੇ ਤਲਾਬਾਂ, ਛੱਪੜਾਂ ਦੀ ਮੁਰੰਮਤ ਅਤੇ ਨਵੇਂ ਪੌਦੇ ਲਗਾਉਣੇ ਇਸ ਪ੍ਰੋਜੈਕਟ ਦੇ ਮੁੱਖ ਅਧਾਰ ਹਨ । ਉਨ੍ਹਾਂ ਨੇ ਜ਼ਿਲ੍ਹੇ ਵਿਚ ਪਾਣੀ ਦੀ ਸੰਭਾਲ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਸਬੰਧੀ ਜ਼ਿਲ੍ਹੇ ਵਿਚ ਚੱਲ ਰਹੇ ਹੋਰ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ ।