ਮੋਹਾਲੀ ਹਲਕੇ ਸਮੇਤ ਪੂਰੇ ਪੰਜਾਬ ਵਿੱਚ ਚੱਲੂਗਾ ਆਮ ਆਦਮੀ ਪਾਰਟੀ ਦਾ ‘ਝਾਡ਼ੂ’: ਕੁਲਵੰਤ ਸਿੰਘ
1 min readਮੋਹਾਲੀ, 13 ਫ਼ਰਵਰੀ, 2022: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤਕ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੋਇਆ ਹੈ ਅਤੇ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਗਈ ਹੈ। ਇਸੇ ਲਹਿਰ ਦੇ ਚਲਦਿਆਂ ਸਪੱਸ਼ਟ ਹੋ ਚੁੱਕਾ ਹੈ ਕਿ ਇਸ ਵਾਰ ‘ਝਾਡ਼ੂ’ ਹੀ ਚੱਲੇਗਾ ਅਤੇ ‘ਆਪ’ ਦੀ ਸਰਕਾਰ ਬਣੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਮੋਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਚੋਣ ਪ੍ਰਚਾਰ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਪਿਛਲੀਆਂ ਸਰਕਾਰਾਂ ਨੂੰ ਲੋਕ ਚੰਗੀ ਤਰ੍ਹਾਂ ਪਰਖ ਚੁੱਕੇ ਹੋਏ ਹਨ ਅਤੇ ਦੋਵੇਂ ਸਰਕਾਰਾਂ ਦੀਆਂ ਵਧੀਕੀਆਂ ਤੋਂ ਲੋਕ ਬੁਰੀ ਤਰ੍ਹਾਂ ਦੁਖੀ ਹਨ। ਕਾਂਗਰਸ ਪਾਰਟੀ ਵਿੱਚੋਂ ਨਿਕਲ ਕੇ ਨਵੀਂ ਬਣੀ ਰਾਜਨੀਤਕ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਹਾਲਤ ਇਹ ਹੈ ਕਿ ਇਸ ਪਾਰਟੀ ਦੇ ਨਾਲ ਨਾ ਤਾਂ ਪੰਜਾਬ ਦੇ ਲੋਕ ਹਨ ਅਤੇ ਨਾ ਹੀ ਕਾਂਗਰਸ ਪਾਰਟੀ। ਲੋਕ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਖੁਸ਼ ਹਨ ਅਤੇ ਬਹੁਤ ਹੀ ਨੇਕ, ਇਮਾਨਦਾਰ ਅਤੇ ਪੰਜਾਬ ਹਿਤੈਸ਼ੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ।
ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਧੋਖਾ ਨਹੀਂ ਖਾਣਗੇ ਅਤੇ ਇਸ ਵਾਰ ਇੱਕ ਮੌਕਾ ਅਰਵਿੰਦ ਕੇਜਰੀਵਾਲ ਦੀ ‘ਆਮ ਆਦਮੀ ਪਾਰਟੀ’ ਨੂੰ ਜ਼ਰੂਰ ਦੇਣਗੇ ਅਤੇ ਪੰਜਾਬ ਵਿੱਚ ਬਦਲਾਅ ਜ਼ਰੂਰ ਲਿਆ ਕੇ ਰਹਿਣਗੇ। ਉਨ੍ਹਾਂ ਨੇ ਹਲਕਾ ਮੋਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫ਼ਰਵਰੀ ਨੂੰ ਵੋਟਿੰਗ ਮਸ਼ੀਨ ਉੱਤੇ ‘ਝਾਡ਼ੂ’ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ।