ਖੇਡ ਵਿਭਾਗ 29 ਅਗਸਤ ਤੋਂ ਕਰਵਾਏਗਾ ਪੰਜਾਬ ਖੇਡ ਮੇਲਾ: ਮੀਤ ਹੇਅਰ
1 min readਚੰਡੀਗੜ, 28 ਜੁਲਾਈ, 2022: ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੰਡਰ 14 ਤੋਂ 60 ਸਾਲ ਵੈਟਰਨ ਗਰੁੱਪ ਤੱਕ 30 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਤੋਂ ਸੂਬਾ ਪੱਧਰ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦੀ ਸ਼ੁਰੂਆਤ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਹੋਵੇਗੀ ਜਿਹੜਾ ਦੋ ਤੋਂ ਤਿੰਨ ਮਹੀਨੇ ਤੱਕ ਚੱਲੇਗਾ। ਇਸ ਤੋਂ ਪਹਿਲਾ ਸਿਰਫ ਤਿੰਨ ਵਰਗਾਂ ਦੇ ਜ਼ਿਲਾ ਤੇ ਸੂਬਾ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਅਤੇ ਹੁਣ ਪਹਿਲੀ ਵਾਰ ਛੇ ਵਰਗਾਂ ਦੇ ਬਲਾਕ ਪੱਧਰ ਤੋਂ ਮੁਕਾਬਲੇ ਹੋਣਗੇ।
ਇਹ ਜਾਣਕਾਰੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਡਾਇਰੈਕਟਰ ਰਾਜੇਸ਼ ਧੀਮਾਨ ਦੇ ਨਾਲ ਸਮੂਹ ਜ਼ਿਲਾ ਖੇਡ ਅਫਸਰਾਂ ਦੀ ਸੱਦੀ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਖੇਡ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਉਣ ਦੇ ਕੀਤੇ ਤਹੱਈਏ ਤਹਿਤ ਖੇਡ ਵਿਭਾਗ ਨੇ ਆਪਣੇ ਕਿਸਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਪ੍ਰੋਗਰਾਮ ਉਲੀਕਿਆ ਹੈ ਜਿਸ ਵਿੱਚ ਪੰਜਾਬ ਦੇ 3 ਲੱਖ ਦੇ ਕਰੀਬ ਖਿਡਾਰੀਆਂ ਦੀ ਹਿੱਸੇਦਾਰੀ ਹੋਵੇਗੀ। ਮਾਨਤਾ ਪ੍ਰਾਪਤ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀ ਜਿੱਥੇ ਆਪੋ-ਆਪਣੀਆਂ ਖੇਡਾਂ ਵਿੱਚ ਗਰੇਡਿੰਗ ਕਰਵਾ ਸਕਣਗੇ ਉਥੇ ਸੂਬਾ ਪੱਧਰ ਦੇ ਜੇਤੂਆਂ ਨੂੰ 5 ਕਰੋੜ ਰੁਪਏ ਦੇ ਨਗਦ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਇਸ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਵਾਲੇ ਦਿਨ ਹੋਵੇਗੀ ਜਿਸ ਦਿਨ ਸਾਡਾ ਕੌਮੀ ਖੇਡ ਦਿਵਸ ਵੀ ਹੁੰਦਾ ਹੈ। ਖੇਡ ਮੇਲੇ ਦੇ ਉਦਘਾਟਨ ਜਾਂ ਸਮਾਪਤੀ ਸਮਾਰੋਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕਰੇਗਾ।
ਪੰਜਾਬ ਖੇਡ ਮੇਲੇ ਵਿੱਚ ਛੇ ਉਮਰ ਵਰਗ ਸ਼ਾਮਲ ਕੀਤੇ ਗਏ ਹਨ। ਪਹਿਲਾਂ ਕਰਵਾਏ ਜਾਂਦੇ ਅੰਡਰ-14, ਅੰਡਰ-17 ਤੇ 17 ਤੋਂ 25 ਸਾਲ ਉਮਰ ਵਰਗ ਤੋਂ ਇਲਾਵਾ ਪਹਿਲੀ ਵਾਰ 25 ਤੋਂ 40 ਸਾਲ, 40 ਤੋਂ 50 ਸਾਲ ਅਤੇ 50 ਤੋਂ 60 ਸਾਲ ਉਮਰ ਵਰਗ ਦੇ ਵੀ ਮੁਕਾਬਲੇ ਹੋਣਗੇ। ਅਥਲੈਟਿਕਸ, ਵੇਟਲਿਫਟਿੰਗ, ਬੈਡਮਿੰਟਨ, ਕ੍ਰਿਕਟ, ਸਾਈਕਲਿੰਗ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਬਾਡੀ ਬਿਲਡਿੰਗ, ਤਲਵਾਰਬਾਜ਼ੀ, ਜਿਮਨਾਸਟਿਕ, ਰੋਇੰਗ, ਫੁਟਬਾਲ, ਸਾਫਟਬਾਲ, ਹਾਕੀ, ਨੈਟਬਾਲ, ਹੈਂਡਬਾਲ, ਕਿੱਕ ਬਾਕਸਿੰਗ, ਜੂਡੋ, ਸਤਰੰਜ, ਕਬੱਡੀ, ਗੱਤਕਾ, ਖੋ-ਖੋ, ਵਾਬੀਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਮੁੱਕੇਬਾਜ਼ੀ, ਤੈਰਾਕੀ, ਕੁਸ਼ਤੀ ਤੇ ਰੱਸ਼ਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।
ਖੇਡ ਮੰਤਰੀ ਮੀਤ ਹੇਅਰ ਨੇ ਸਾਰੇ ਜ਼ਿਲਾ ਖੇਡ ਅਫਸਰਾਂ ਨਾਲ ਗੱਲਬਾਤ ਕਰਦਿਆਂ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਸੁਝਾਅ ਅਤੇ ਜ਼ਮੀਨੀ ਹਕੀਕਤਾਂ ਵੀ ਪੁੱਛੀਆਂ। ਉਨਾਂ ਇਸ ਸਬੰਧੀ ਲੋੜੀਂਦੇ ਪ੍ਰਬੰਧ ਕਰਨ ਵਿੱਚ ਆਉਣ ਵਾਲੀਆਂ ਸੰਭਵੀ ਮੁਸ਼ਕਲਾਂ ਬਾਰੇ ਵੀ ਗੱਲ ਕੀਤੀ। ਉਨਾਂ ਕਿਹਾ ਕਿ ਵੱਡੀ ਉਮਰ ਵਰਗ ਦੇ ਸ਼ਾਮਲ ਕਰਵਾਉਣ ਦਾ ਮਕਸਦ ਸੂਬੇ ਵਿੱਚ ਖੇਡਾਂ ਦਾ ਮਾਹੌਲ ਸਿਰਜਣਾ ਹੈ।
ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਖੇਡਾਂ ਵਿੱਚ ਖਿਡਾਰੀਆਂ ਤੇ ਟੀਮਾਂ ਦੀ ਹਿੱਸੇਦਾਰੀ ਨੂੰ ਦੇਖ ਕੇ ਹੀ ਕੁਝ ਖੇਡਾਂ ਦੇ ਮੁਕਾਬਲੇ ਬਲਾਕ ਪੱਧਰੀ ਹੋਣਗੇ ਜਦੋਂ ਕਿ ਕੁਝ ਸਿੱਧੇ ਜ਼ਿਲਾ ਪੱਧਰੀ ਅਤੇ ਸੂਬਾ ਪੱਧਰੀ ਹੋਣਗੇ।
ਡਾਇਰੈਕਟਰ ਰਾਜੇਸ਼ ਧੀਮਾਨ ਨੇ ਕਿਹਾ ਕਿ ਵਿਭਾਗ ਵੱਲੋਂ ਖਿਡਾਰੀਆਂ ਦੇ ਆਉਣ-ਜਾਣ ਅਤੇ ਖਾਣ-ਪੀਣ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨਾਂ ਖੇਡ ਅਫਸਰਾਂ ਨੂੰ ਇਸ ਦੀਆਂ ਤਿਆਰੀਆਂ ਹੁਣੇ ਤੋਂ ਵਿੱਢਣ ਅਤੇ ਖੇਡ ਮੈਦਾਨ ਤਿਆਰ ਕਰਨ ਲਈ ਕਿਹਾ।