ਪੌਂਗ ਡੈਮ ਅਥਾਰਟੀ ਵੱਲੋਂ ਦਰਿਆ ਬਿਆਸ ਵਿੱਚ ਪਾਣੀ ਛੱਡਣ ਦਾ ਅਲਰਟ ਜਾਰੀ, ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧਣ ਦੇ ਅਸਾਰ
ਗੁਰਦਾਸਪੁਰ, 20 ਅਗਸਤ, 2022: ਪੌਂਗ ਡੈਮ ਅਥਾਰਟੀ ਨੇ ਚੇਤਾਵਨੀ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਮਿਤੀ 20 ਅਗਸਤ 2022 ਨੂੰ ਦੁਪਹਿਰ 01:00 ਵਜੇ 422267 ਕਿਊਸਿਕ ਪਾਣੀ ਡੈਮ ਵਿੱਚ ਆ ਰਿਹਾ ਹੈ ਅਤੇ ਡੈਮ ਵਿੱਚ ਪਾਣੀ ਦਾ ਪੱਧਰ 1372.33 ਫੁੱਟ ਤੱਕ ਪਹੁੰਚ ਗਿਆ ਹੈ। ਪੌਂਗ ਡੈਮ ਵਿੱਚ ਆ ਰਹੇ ਲਗਾਤਾਰ ਜਿਆਦਾ ਪਾਣੀ ਦੇ ਕਾਰਨ ਡੈਮ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੌਂਗ ਡੈਮ ਅਥਾਰਟੀ ਵੱਲੋਂ ਵਾਧੂ ਪਾਣੀ ਸ਼ਾਹ ਨਹਿਰ ਬੈਰਾਜ ਵਿੱਚ ਛੱਡਿਆ ਜਾਵੇਗਾ ਜਿਥੋਂ ਇਹ ਪਾਣੀ ਅੱਗੇ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ। ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੌਂਗ ਡੈਮ ਅਥਾਰਟੀ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ।
ਪੌਂਗ ਡੈਮ ਅਥਾਰਟੀ ਵੱਲੋਂ ਜਾਰੀ ਚਿਤਾਵਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਬਿਆਸ ਦਰਿਆ ਦੇ ਨਜਦੀਕ ਵਸੋਂ ਨੂੰ ਅਗਾਹ ਕੀਤਾ ਹੈ ਕਿ ਉਹ ਪਾਣੀ ਦੀ ਮਾਰ ਵਿੱਚ ਆਉਂਦੇ ਨੀਵੇਂ ਇਲਾਕਿਆਂ ਵਿੱਚ ਨਾ ਜਾਣ ਅਤੇ ਜਿਹੜੀ ਵਸੋਂ ਬਿਆਸ ਦਰਿਆ ਦੇ ਨਜ਼ਦੀਕ ਹੈ ਉਹ ਚੌਕਸ ਰਹੇ ਅਤੇ ਪਾਣੀ ਦਾ ਪੱਧਰ ਵਧਣ ਤੋਂ ਪਹਿਲਾਂ ਹੀ ਸੁਰੱਖਿਅਤ ਥਾਵਾਂ ’ਤੇ ਚਲੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਹਾਲਾਤ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ।