ਭਗਵੰਤ ਮਾਨ ਦੀ ਅਗਵਾਈ ਹੇਠ ਬਣਨ ਜਾ ਰਹੀ ਹੈ ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ : ਕੁਲਵੰਤ ਸਿੰਘ
1 min readਮੋਹਾਲੀ, 15 ਫ਼ਰਵਰੀ, 2022: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਪੰਜ ਦਿਨ ਬਾਕੀ ਰਹਿ ਗਏ ਹਨ ਅਤੇ 20 ਫ਼ਰਵਰੀ ਨੂੰ ਪੈਣ ਜਾ ਰਹੀਆਂ ਵੋਟਾਂ ਵਿੱਚ ਆਮ ਆਦਮੀ ਪਾਰਟੀ ਦਾ ‘ਝਾਡ਼ੂ’ ਫਿਰ ਜਾਵੇਗਾ ਅਤੇ ਇੱਥੇ ਭਗਵੰਤ ਮਾਨ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਬਣਾਈ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮੋਹਾਲੀ ਤੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਅੱਜ ਇੱਥੇ ਮਿਉਂਸਪਲ ਹਾਈਟਸ ਸੈਕਟਰ 104, ਕੇ.ਐਫ.ਟੀ. ਸੈਕਟਰ 83, ਪੀ.ਐਸ.ਈ.ਬੀ. ਦੇ ਗੇਟ ਸਾਹਮਣੇ, ਇੰਡਸਟਰੀਅਲ ਏਰੀਆ ਫੇਜ਼ 7, ਫੇਜ਼ 2 ਵਿਖੇ ਐਲ.ਐਚ. ਦੇ ਮਕਾਨਾਂ ਸਮੇਤ ਹੋਰ ਕਈ ਥਾਈਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋਡ਼ ਅਤੇ ਕਾਂਗਰਸ ਪਾਰਟੀ ਦੀਆਂ ਪਿਛਲੀਆਂ ਸਰਕਾਰਾਂ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹੋਏ ਹਨ। ਦੋਵੇਂ ਪਾਰਟੀਆਂ ਨੂੰ ਪਰਖਣ ਤੋਂ ਬਾਅਦ ਹੀ ਲੋਕਾਂ ਨੇ ਇਸ ਵਾਰ ਬਦਲਾਅ ਲਿਆਉਣ ਦੀ ਤਿਆਰੀ ਕੀਤੀ ਹੈ। ਹੁਣ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਦੀਆਂ ਗੱਲਾਂ ਵਿੱਚ ਜਾਂ ਲਾਲਚ ਵਿੱਚ ਨਹੀਂ ਆਉਣਗੇ ਅਤੇ ਇਨ੍ਹਾਂ ਪਾਰਟੀਆਂ ਨੂੰ ਕਰਾਰੀ ਹਾਰ ਦੇ ਕੇ ਵੋਟਿੰਗ ਮਸ਼ੀਨ ਉਤੇ ‘ਝਾਡ਼ੂ’ ਦੇ ਚੋਣ ਨਿਸ਼ਾਨ ਵਾਲਾ ਬਟਨ ਹੀ ਦਬਾਉਣਗੇ।
ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਹਰ ਆਦਮੀ ਨੂੰ ਫ਼ਰਕ ਪਤਾ ਲੱਗੇ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਲਾਗੂ ਕੀਤੇ ਗਏ ਮਾਡਲ ਨੂੰ ਹੀ ਪੰਜਾਬ ਵਿੱਚ ਲਾਗੂ ਕੀਤਾ ਜਾਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਇਹਨੀਂ ਦਿਨੀਂ ਪੰਜਾਬ ਦੌਰਿਆਂ ਨਾਲ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਪਸੀਨੇ ਛੁੱਟ ਚੁੱਕੇ ਹੋਏ ਹਨ।
ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਡਾ. ਸੰਨੀ ਆਹਲੂਵਾਲੀਆ, ਮੈਡਮ ਪ੍ਰਭਜੋਤ ਕੌਰ, ਕੌਂਸਲਰ ਗੁਰਮੀਤ ਕੌਰ, ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਕੌਂਸਲਰ ਰਮਨਪ੍ਰੀਤ ਕੌਰ ਕੁੰਭਡ਼ਾ, ਸਟੇਟ ਐਵਾਰਡੀ ਫੂਲਰਾਜ ਸਿੰਘ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰੋਡਾ, ਮੈਡਮ ਕਮਲਜੀਤ ਕੌਰ ਸੋਹਾਣਾ, ਹਰਮੇਸ਼ ਸਿੰਘ ਕੁੰਭਡ਼ਾ, ਅਵਤਾਰ ਸਿੰਘ ਮੌਲੀ ਬੈਦਵਾਨ, ਜਸਪਾਲ ਸਿੰਘ ਮਟੌਰ, ਸਾਬਕਾ ਕੌਂਸਲਰ ਆਰ.ਪੀ. ਸ਼ਰਮਾ, ਅਵਤਾਰ ਸਿੰਘ ਮਨੌਲੀ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ ਆਦਿ ਨੇ ਹਲਕਾ ਮੋਹਾਲੀ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 20 ਫ਼ਰਵਰੀ ਵਾਲੇ ਦਿਨ ਆਪਣੀ ਇੱਕ-ਇੱਕ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾਡ਼ੂ’ ਨੂੰ ਪਾ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।