ਭਦੌੜ ਤੋਂ ਕਾਂਗਰਸ ਦਾ ਕਰੋੜਪਤੀ ਗਰੀਬ ਬੰਦਾ ਚੋਣ ਲੜ ਰਿਹਾ, ਪਰ ਭਦੌੜ ਵਾਲੇ ਆਪਣੇ ਪੁੱਤ ਲਾਭ ਸਿੰਘ ਉਗੋਕੇ ਨੂੰ ਹੀ ਜਿਤਾਉਣਗੇ: ਭਗਵੰਤ ਮਾਨ
1 min readਭਦੌੜ (ਬਰਨਾਲਾ), 15 ਫਰਵਰੀ 2022: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਭ ਤੋਂ ਚਰਚਿਤ ਵਿਧਾਨ ਸਭਾ ਹਲਕਾ ਭਦੌੜ ਵਿੱਚ ਪਾਰਟੀ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ,”ਆਮ ਆਦਮੀ ਪਾਰਟੀ ਨੇ ਆਮ ਘਰ ਦੇ ਮੁੰਡੇ ਲਾਭ ਸਿੰਘ ਉਗੋਕੇ ਨੂੰ ਟਿੱਕਟ ਦੇ ਕੇ ਭਦੌੜ ਮੈਦਾਨ ਵਿੱਚ ਉਤਾਰਿਆ ਹੈ, ਜਿਸ ਦੇ ਮੁਕਾਬਲੇ ਕਾਂਗਰਸ ਪਾਰਟੀ ਦਾ ਕਰੋੜਪਤੀ ਗਰੀਬ ਬੰਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਰਿਹਾ ਹੈ। ਪਰ ਮੈਨੂੰ ਵਿਸ਼ਵਾਸ਼ ਹੈ ਕਿ ਭਦੌੜ ਵਾਲੇ ਆਪਣੇ ਪੁੱਤ ਲਾਭ ਸਿੰਘ ਉਗੋਕੇ ਨੂੰ ਹੀ ਜਿਤਾਉਣਗੇ।”
ਮੰਗਲਵਾਰ ਨੂੰ ਭਗਵੰਤ ਮਾਨ ਨੇ ਪਾਰਟੀ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਵੱਖ- ਵੱਖ ਥਾਂਵਾਂ ‘ਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨਾਂ ਕਿਹਾ,”ਭਦੌੜ ਵਿਧਾਨ ਸਭਾ ਹਲਕੇ ‘ਤੇ ਦੁਨੀਆਂ ਦੀਆਂ ਨਜ਼ਰਾਂ ਹਨ। ਭਦੌੜ ਕਰਾਂਤੀਕਾਰੀਆਂ ਦੀ ਧਰਤੀ ਹੈ, ਇੱਥੋਂ ਬਲਵੰਤ ਗਾਰਗੀ ਜਿਹੇ ਮਹਾਂਰਥੀ ਪੈਦਾ ਹੋਏ ਹਨ। ਹੁਣ 20 ਤਰੀਕ ਨੂੰ ਭਦੌੜ ਵਾਲਿਆਂ ਨੇ ਲਾਭ ਸਿੰਘ ਉਗੋਕੇ ਨੂੰ ਜਿੱਤਾ ਕੇ ਕਰਾਂਤੀ ਲਿਆਉਣੀ ਹੈ। ਭਦੌੜ ਦੇ ਲੋਕ ਵੋਟਾਂ ਲਾਭ ਸਿੰਘ ਉਗੋਕੇ ਨੂੰ ਪਾਉਣਗੇ, ਪਰ ਲਾਭ ਭਗਵੰਤ ਮਾਨ ਨੂੰ ਹੋਵੇਗਾ।” ਮਾਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਚੰਨੀ ਵੱਲੋਂ ਜਾਇਦਾਦ ਬਦਲਣ ਦੀ ਪੇਸ਼ਕਸ਼ ਨੂੰ ਵੀ ਸਵੀਕਾਰ ਕਰਦੇ ਹਨ, ਪਰ ਚੰਨੀ ਦੇ ਨਾਲ- ਨਾਲ ਉਸ ਦੇ ਭਾਣਜਿਆਂ ਦੀ ਜਾਇਦਾਦ ਵੀ ਬਦਲ ਹੋਵੇਗੀ। ਜਿਨਾਂ ਦੇ ਘਰੋਂ 10- 10 ਕਰੋੜ ਰੁਪਏ ਅਫ਼ਸਰਾਂ ਵੱਲੋਂ ਬਰਾਮਦ ਕੀਤੇ ਗਏ ਹਨ। ਉਨਾਂ ਕਿਹਾ ਕਿ ਆਮ ਆਦਮੀ ਨੇ ਤਾਂ ਕਦੇ 10 ਕਰੋੜ ਗਿੱਟੀਆਂ ਨਹੀਂ ਗਿਣੀਆਂ ਹੋਣੀਆਂ।
ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਤਰੀਕ ਨੂੰ ਪੰਜਾਬ ਵਿੱਚ ਨਵਾਂ ਇਤਿਹਾਸ ਸਿਰਜਣ ਦਾ ਮੌਕਾ ਹੈ। ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਦੇ ਆ ਰਹੇ ਹਨ ਅਤੇ ਕੁੱਟਦੇ ਵੀ ਆ ਰਹੇ ਹਨ। ਇਨਾਂ ਰਿਵਾਇਤੀ ਸਿਆਸੀ ਪਾਰਟੀਆਂ ਦੀ ਗਲਤ ਨੀਤੀਆਂ ਅਤੇ ਅਮੀਰ ਹੋਣ ਦੀ ਲਾਲਸਾ ਕਾਰਨ ਅੱਜ ਪੰਜਾਬ 3 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜਦਾਰ ਹੈ। ਉਨਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਲੋਕ ਫੁੱਲ ਬਰਸਾ ਕੇ, ਸਿਰ ਪਲੋਸ ਕੇ ਅਤੇ ਸੈਲਫ਼ੀਆਂ ਲੈ ਕੇ ਆਪਣਾ ਪਿਆਰ ਬਰਸਾ ਰਹੇ ਹਨ, ਜਦੋਂ ਕਿ ਅਕਾਲੀ ਦਲ ਬਾਦਲ, ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨਾਲ ਹੱਥ ਮਿਲਾ ਕੇ ਆਪਣੇ ਹੱਥਾਂ ਦੀਆਂ ਉਗਲਾਂ ਗਿਣਦੇ ਹਨ ਕਿ ਪਾਈਆਂ ਛਾਪਾਂ ਪੂਰੀਆਂ ਹੀ ਹਨ।
ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਰਿਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਖਿਲਾਫ਼ 70 ਸਾਲਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦਾ ਦਿਨ ਹੈ ਅਤੇ ਪੰਜਾਬ ਦੀ ਸਰਕਾਰ ਬਦਲਣ ਦਾ ਸੁਨਿਹਰਾ ਮੌਕਾ ਹੈ। ਇਸ ਲਈ ਸਾਰੇ ਵੋਟਰ ਆਪਣੀ ਕੀਮਤੀ ਵੋਟ ‘ਝਾੜੂ’ ਦੇ ਨਿਸ਼ਾਨ ‘ਤੇ ਪਾਉਣ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੂੰ ਜਿਤਾਉਣਗੇ, ਤਾਂ ਜੋ ਪੰਜਾਬ ਵਿੱਚ ਇੱਕ ਇਮਾਨਦਾਰ ਅਤੇ ਲੋਕ ਹਿਤੈਸ਼ੀ ਸਰਕਾਰ ਦਾ ਗਠਨ ਕੀਤਾ ਜਾ ਸਕੇ।
ਇਸ ਮੌਕੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਇਸ ਲਈ ‘ਆਪ’ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਜੋ ਵੀ ਹੁਕਮ ਦੇਣਗੇ ਉਸ ਨੂੰ ਪੂਰਾ ਕੀਤਾ ਜਾਵੇਗਾ।