50 ਪੇਟੀਆਂ ਨਾਜਾਇਜ਼ ਹਰਿਆਣਾ ਮਾਰਕਾ ਸ਼ਰਾਬ ਬਰਾਮਦ
1 min readਡੇਰਾਬੱਸੀ, 15 ਫਰਵਰੀ, 2022: ਡੇਰਾਬੱਸੀ ਦੇ ਚੋਣ ਜਨਰਲ ਅਬਜ਼ਰਵਰ ਅਜੇ ਗੁਪਤਾ ਅਤੇ ਖਰਚਾ ਨਿਗਰਾਨ ਐਸ ਜਨਾਰਦਨ ਵੱਲੋਂ ਗ੍ਰੀਨ ਵੈਲੀ ਟਾਊਨਸ਼ਿਪ, ਗੁਲਾਬਗੜ੍ਹ ਤੋਂ ਬੇਹਰਾ ਰੋਡ, ਡੇਰਾਬੱਸੀ ਨੇੜੇ ਇੱਕ ਦੁਕਾਨ ‘ਤੇ ਸਟੋਰ ਕੀਤੀ ਗਈ ਨਜਾਇਜ਼ ਸ਼ਰਾਬ ਸਬੰਧੀ ਮਿਲੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਚੋਣ ਮਸ਼ੀਨਰੀ ਨੇ 50 ਪੇਟੀਆਂ ਬਰਾਮਦ ਕੀਤੀਆਂ ਹਨ। ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ ਸ਼ਰਾਬ ਦੀ ਕੀਮਤ 4,20,000/- ਰੁਪਏ ਹੈ l
ਇਸ ਸਬੰਧੀ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਡੇਰਾਬਸੀ ਹਲਕੇ ਦੀ ਐਸਡੀਐਮ ਕਮ ਰਿਟਰਨਿੰਗ ਅਫਸਰ ਸਵਾਤੀ ਟਿਵਾਣਾ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਇਸ ਗੈਰ-ਕਾਨੂੰਨੀ ਸ਼ਰਾਬ ਦੇ ਭੰਡਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਐਫ.ਐਸ.ਟੀ.-5 ਟੀਮ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ। ਮੁਹਾਲੀ ਦੀ ਆਬਕਾਰੀ ਟੀਮ ਸਮੇਤ ਡੇਰਾਬਸੀ ਥਾਣੇ ਦੇ ਪੁਲੀਸ ਮੁਲਾਜ਼ਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਇਨ੍ਹਾਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਇਦਾਦ ਦੇ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਜਾਇਦਾਦ ਦੇ ਮਾਲਕ ਨੇ ਟੀਮਾਂ ਦੁਆਰਾ ਕੀਤੀਆਂ ਕਾਲਾਂ ਦਾ ਜਵਾਬ ਨਹੀਂ ਦਿੱਤਾ ਤਾਂ ਬਾਅਦ ਵਿੱਚ, ਇੱਕ ਕੀ ਮੇਕਰ ਨੂੰ ਬੁਲਾਇਆ ਗਿਆ ਅਤੇ ਐਫਐਸਟੀ ਵੀਡੀਓਗ੍ਰਾਫੀ ਦੇ ਤਹਿਤ ਸ਼ਟਰ ਖੋਲ੍ਹਿਆ ਗਿਆ। ਦੋ ਸੁਤੰਤਰ ਗਵਾਹਾਂ ਦੀ ਮੌਜੂਦਗੀ ਵਿੱਚ ਦੁਕਾਨ ਦੀ ਤਲਾਸ਼ੀ ਦੌਰਾਨ, ਰਾਇਲ ਚੈਲੇਂਜ ਵਿਸਕੀ (ਸਿਰਫ ਹਰਿਆਣਾ ਵਿੱਚ ਵਿਕਰੀ ਲਈ) ਦੀਆਂ 50 ਪੇਟੀਆਂ ਜ਼ਬਤ ਕੀਤੀਆਂ ਗਈਆਂl ਵਿਸਕੀ ਦਾ ਨਿਰਮਾਣ ਯੂਏਟਿਡ ਸਪਿਰਿਟਸ ਲਿਮਿਟੇਡ ਦੁਆਰਾ ਹਰਿਆਣਾ ਲਿਕਰਸ ਪ੍ਰਾਈਵੇਟ ਲਿਮਟਿਡ ਪਿੰਡ ਜੁੰਡਲਾ, ਕਰਨਾਲ ਵਿਖੇ ਬੈਚ ਨੰਬਰ 82/L-5 DTD 10.02.2022 ਵਿੱਚ ਕੀਤਾ ਗਿਆ ਹੈ। ਥਾਣਾ ਡੇਰਾਬੱਸੀ ਵਿਖੇ ਪੰਜਾਬ ਆਬਕਾਰੀ ਐਕਟ 1914 ਅਧੀਨ ਐਫ.ਆਈ.ਆਰ ਨੰਬਰ 70 ਮਿਤੀ 15.02.2022 ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਦੁਕਾਨ ਮੁਲਜ਼ਮ ਜਸਪ੍ਰੀਤ ਸਿੰਘ ਦੀ ਹੈ।