ਜੀ 20 ਦੀਆਂ ਤਿਆਰੀਆਂ ਨੂੰ ਲੈ ਕੇ ਡਾ.ਨਿੱਜਰ ਨੇ ਕੀਤੀ ਹਵਾਈ ਅੱਡਾ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ
1 min readਚੰਡੀਗੜ੍ਹ, 23 ਦਸੰਬਰ, 2022: ਸਥਾਨਕ ਸਰਕਾਰਾਂ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਮਾਰਚ 2023 ਵਿੱਚ ਹੋਣ ਵਾਲੇ ਜੀ-20 ਸੰਮੇਲਨ ਜੋ ਕਿ ਅੰਮ੍ਰਿਤਸਰ ਵਿੱਚ ਕਰਵਾਇਆ ਜਾਣਾ ਹੈ ਦੀ ਮਹਿਮਾਨ ਨਿਵਾਜੀ ਨੂੰ ਲੈ ਕੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਅੰਮ੍ਰਿਤਸਰ ਜਿਲ੍ਹਾ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ , ਕਮਿਸ਼ਨਰ ਪੁਲਿਸ ਜਸਕਰਨ ਸਿੰਘ, ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ ਅਤੇ ਡਾਇਰੈਕਟਰ ਹਵਾਈ ਅੱਡਾ ਵਿਪਨ ਸੇਠ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਾ: ਨਿੱਜਰ ਨੇ ਕਿਹਾ ਕਿ ਜੀ-20 ਸੰਮੇਲਨ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਨੇਤਾਵਾਂ ਅਤੇ ਅਧਿਕਾਰੀਆਂ ਦੇ ਮਹਿਮਾਨ ਨਿਵਾਜੀ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਉਨਾਂ ਕਿਹਾ ਕਿ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ਉੱਤੇ ਨਿੱਜੀ ਦਿਲਚਸਪੀ ਲੈ ਰਹੇ ਹਨ ਅਤੇ ਕਈ ਮੀਟਿੰਗਾਂ ਇਸ ਬਾਬਤ ਕਰ ਚੁੱਕੇ ਹਨ। ਉਨਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੈ ਕੇ ਸਾਰੇ ਸ਼ਹਿਰ ਨੂੰ ਜਾਂਦੀਆਂ ਮੁੱਖ ਸੜ੍ਹਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਰਸਤਿਆਂ ਉੱਤੇ ਲਾਈਟਾਂ ਅਤੇ ਲੈਂਡਸਕੇਪਿੰਗ ਵੀ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਹਵਾਈ ਅੱਡੇ ਵਿੱਚ ਮਹਿਮਾਨਾਂ ਦਾ ਸਵਾਗਤ ਪੰਜਾਬੀ ਪ੍ਰਹੁਣਚਾਰੀ ਅਨੁਸਾਰ ਗਰਮਜੋਸ਼ੀ ਨਾਲ ਕੀਤਾ ਜਾਵੇ ਅਤੇ ਇਸ ਲਈ ਪੰਜਾਬ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇ।
ਇਸ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਆਉਣ ਵਾਲੀ ਮੁੱਖ ਸੜ੍ਹਕ ਦਾ ਸਬੰਧਤ ਅਧਿਕਾਰੀਆਂ ਨਾਲ ਦੌਰਾ ਕੀਤਾ ਅਤੇ ਜਿੱਥੇ ਕਿਧਰੇ ਵੀ ਕੰਮ ਕਰਵਾਏ ਜਾਣੇ ਹਨ ਦੀਆਂ ਹਦਾਇਤਾਂ ਕੀਤੀਆਂ।