ਪੰਜਾਬ ਸਰਕਾਰ ਵੱਲੋਂ ਸੰਗਰੂਰ ਨੂੰ ਮਿਲਿਆ ‘ਮਿੰਨੀ ਐਡਵਾਂਸ ਰੈਸਕਿਊ ਵਹੀਕਲ’ ਦਾ ਤੋਹਫ਼ਾ: ਵਿਧਾਇਕ ਨਰਿੰਦਰ ਕੌਰ ਭਰਾਜ
ਸੰਗਰੂਰ, 24 ਦਸੰਬਰ, 2022: ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਸੰਗਰੂਰ ਦੇ ਵਾਸੀਆਂ ਨੂੰ ‘ਮਿੰਨੀ ਐਡਵਾਂਸ ਰੈਸਕਿਊ ਵਹੀਕਲ’ ਦਾ ਤੋਹਫ਼ਾ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਕਿਸੇ ਵੀ ਸੰਕਟਕਾਲੀਨ ਸਥਿਤੀ ਵਿੱਚ ਲੋੜਵੰਦਾਂ ਨੂੰ ਫੌਰੀ ਮਦਦ ਪਹੁੰਚਾਈ ਜਾ ਸਕੇਗੀ। ਇਹ ਪ੍ਰਗਟਾਵਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਅੱਜ ਫਾਇਰ ਬ੍ਰਿਗੇਡ ਦਫ਼ਤਰ ਵਿਖੇ ਵਿਸ਼ੇਸ਼ ਸੇਵਾਵਾਂ ਵਾਲੀ ਇਸ ਗੱਡੀ ਦਾ ਰਸਮੀ ਉਦਘਾਟਨ ਕਰਦਿਆਂ ਕੀਤਾ। ਵਿਧਾਇਕ ਸ ਭਰਾਜ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਗੱਡੀ ਹਾਦਸਾਗ੍ਰਸਤ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਵਰਦਾਨ ਸਾਬਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਇਸ ਕਿਸਮ ਦੇ ਜੀਵਨ ਰੱਖਿਅਕ ਅਤਿ ਆਧੁਨਿਕ ਵਾਹਨਾਂ ਦੀ ਖਰੀਦ ਕੀਤੀ ਗਈ ਹੈ ਜਿਸ ਨੂੰ ਵਿਸ਼ੇਸ਼ ਤੌਰ ’ਤੇ ਬਚਾਓ ਕਾਰਜਾਂ ਨੂੰ ਅਮਲ ਵਿੱਚ ਲਿਆਉਣ ਲਈ ਡਿਜ਼ਾਇਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸੇ ਉਦੇਸ਼ ਨਾਲ ਖਰੀਦੇ ਇਨ੍ਹਾਂ ਵਾਹਨਾਂ ਵਿੱਚ ਇਲੈਕਟਰੀਕਲ ਤੇ ਹਾਈਡਰੋਲਿਕ ਮਸ਼ੀਨਰੀ ਲੱਗੀ ਹੋਈ ਹੈ ਅਤੇ ਜੇਕਰ ਕਿਸੇ ਇਮਾਰਤ ਦੇ ਨੁਕਸਾਨਗ੍ਰਸਤ ਹੋਣ, ਸੜਕ ਦੁਰਘਟਨਾ ਹੋਣ ਅਤੇ ਰਸਤਿਆਂ ਵਿੱਚ ਵੱਡੇ ਦਰੱਖਤਾਂ ਦੇ ਡਿੱਗ ਜਾਣ ਸਮੇਂ ਕਿਸੇ ਭਾਰੀ ਜਾਂ ਮਜ਼ਬੂਤ ਵਸਤੂ ਨੂੰ ਹਟਾਉਣ, ਕੱਟਣ ਜਾਂ ਅਜਿਹੇ ਹੀ ਕਿਸੇ ਹੋਰ ਕਾਰਵਾਈ ਲਈ ਲੋੜ ਪੈਂਦੀ ਹੈ ਤਾਂ ਇਸ ਮਸ਼ੀਨਰੀ ਰਾਹੀਂ ਅਜਿਹਾ ਕਰਨਾ ਸੰਭਵ ਹੋਵੇਗਾ।
ਉਨ੍ਹਾਂ ਦੱਸਿਆ ਕਿ ਲੋਹੇ ਨੂੰ ਕੱਟਣ ਲਈ ਚੇਨ ਆਰਾ, ਕਟਰ ਆਦਿ ਦੇ ਨਾਲ ਨਾਲ ਇਸ ਵਿੱਚ ਇਨ੍ਹਾਂ ਹਾਈਡਰੋਲਿਕ ਮਸ਼ੀਨਾਂ ਨੂੰ ਚਲਾਉਣ ਲਈ 15 ਕਿਲੋਵਾਟ ਦਾ ਜਰਨੇਟਰ ਲੱਗਿਆ ਹੋਇਆ ਹੈ ਤਾਂ ਜੋ ਬਿਜਲੀ ਦੀ ਸਪਲਾਈ ਨਾਲੋ ਨਾਲ ਮਿਲਦੀ ਰਹੇ। ਉਨ੍ਹਾਂ ਦੱਸਿਆ ਕਿ ਵਾਹਨ ਦੇ ਉਤੇ ਅਤਿ ਆਧੁਨਿਕ ਬੂਮ ਲਾਈਟ ਲੱਗੀ ਹੋਈ ਹੈ ਅਤੇ ਜੇਕਰ ਕਿਸੇ ਸੰਕਟਕਾਲੀਨ ਸਥਿਤੀ ਵਿੱਚ ਹਨੇਰੇ ਵਾਲੇ ਸਥਾਨ ’ਤੇ ਗੱਡੀ ਨੂੰ ਜਾਣਾ ਪੈਂਦਾ ਹੈ ਤਾਂ ਇਹ ਲਾਈਟ 20 ਫੁੱਟ ਤੱਕ ਬਾਹਰ ਵੀ ਆ ਜਾਂਦੀ ਹੈ ਅਤੇ ਇਸਨੂੰ ਹੇਠੋ ਰਿਮੋਟ ਨਾਲ ਵੀ ਚਲਾਇਆ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਫਾਇਰ ਅਫ਼ਸਰ ਅਮਰਿੰਦਰਪਾਲ ਸਿੰਘ ਸੰਧੂ, ਕਾਰਜ ਸਾਧਕ ਅਫ਼ਸਰ ਬਾਲ ਕ੍ਰਿਸ਼ਨ ਵੀ ਹਾਜ਼ਰ ਸਨ।