ਸਰਕਾਰੀ ਆਈ.ਟੀ.ਆਈ ਮੁਹਾਲੀ ਵਿਖੇ ਨਵੀਂ ਟਰੇਡ ਦਾ ਉਦਘਾਟਨ
1 min readਐਸ.ਏ.ਐਸ.ਨਗਰ, 17 ਮਾਰਚ, 2023: ਪੰਜਾਬ ਸਰਕਾਰ ਵੱਲੋਂ ਇਲਾਕੇ ਦੀਆਂ ਲੜਕੀਆਂ ਲਈ ਸਵੈ-ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਅਤੇ ਤਕਨੀਕੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੀਆਂ ਕੋਸ਼ਿਸ਼ਾਂ ਵੱਜੋਂ ਸਰਕਾਰੀ ਆਈ.ਟੀ.ਆਈ (ਇ) ਮੁਹਾਲੀ ਵਿਖੇ ਇੱਕ ਸਮਾਗਮ ਆਯੋਜਿਤ ਕਰਵਾਇਆ ਗਿਆ ਜਿਸ ਦੌਰਾਨ ਸਵਰਾਜ ਇੰਜਣਜ਼ ਲਿ. ਮੁਹਾਲੀ ਨਾਲ ਐਮਓਯੂ ਕਰਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ਡਾਇਰੈਕਟਰ ਡੀ.ਪੀ.ਐਸ ਖਰਬੰਦਾ ਵੱਲੋਂ ਡੀਜਲ ਮਕੈਨਿਕ ਦੀ ਟਰੇਡ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ ਗਈ।
ਇਸ ਸਮਾਗਮ ਦੌਰਾਨ ਡੀ.ਪੀ.ਐਸ ਖਰਬੰਦਾ(ਆਈ.ਏ.ਐਸ), ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਅਤੇ ਜਗਰ ਕੁਰੀਅਨ, ਡਾਇਰੈਕਟਰ ਐਂਡ ਸੀ.ਈ.ਓ ਸਵਰਾਜ ਇੰਜਣਜ਼ ਲਿ. ਮੁਹਾਲੀ ਵੱਲੋਂ ਸਾਂਝੇ ਤੌਰ ਤੇ ਡੀਜਲ ਮਕੈਨਿਕ ਟਰੇਡ ਦੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ, ਐਸ.ਸੀ ਵਰਗ ਨਾਲ ਸੰਬੰਧਿਤ ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ ਅਤੇ ਮੁਫਤ ਬਲੱਡ ਟੈਸਟ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਿਪਟੀ ਡਾਇਰੈਕਟਰ ਮਨਿੰਦਰਪਾਲ ਸਿੰਘ ਭਾਟੀਆ, ਸਵਾਤੀ ਸੇਠੀ ਰੀਜਨਲ ਡਾਇਰੈਕਟਰ ਆਰ.ਡੀ.ਏ.ਟੀ., ਗੁਰਪ੍ਰੀਤ ਕੌਰ ਡੀ.ਜੀ.ਐਮ ਸਵਰਾਜ ਇੰਜਣਜ਼, ਰਵਿੰਦਰਪਾਲ ਸਿੰਘ ਜਿਲ੍ਹਾ ਭਲਾਈ ਅਫਸਰ ਮੁਹਾਲੀ ਅਤੇ ਹਰਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਤ੍ਰਿਪੜੀ ਵਿਸ਼ੇਸ਼ ਤੌਰ ਤੇ ਹਾਜਰ ਹੋਏ।
ਬਾਹਰੋਂ ਆਏ ਪਤਵੰਤੇ ਸੱਜਣਾਂ ਨੂੰ ਖੁਸ਼ਆਮਦੀਦ ਆਖਦਿਆਂ ਸੰਸਥਾ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਲੜਕੀਆਂ ਦਾ ਸਿੱਖਿਅਤ ਹੋਣਾ ਅਤਿ ਲਾਜਮੀ ਹੈ ਜਿਸ ਦੀ ਪੂਰਤੀ ਲਈ ਸੰਸਥਾ ਆਪਣਾ ਰੋਲ ਬਾਖੂਬੀ ਨਿਭਾਉਣ ਦੇ ਯਤਨਾਂ ਵਿੱਚ ਲੱਗੀ ਹੋਈ ਹੈ ਇਸ ਸਮਾਗਮ ਦੇ ਮੁੱਖ ਮਹਿਮਾਨ ਡੀ.ਪੀ.ਐਸ ਖਰਬੰਦਾ ਨੇ ਸੰਸਥਾ ਦੇ ਸਮਾਜ ਪੱਖੀ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ। ਇਸ ਸਮਾਗਮ ਵਿੱਚ ਸੰਸਥਾ ਦੀਆਂ ਸਿਖਿਆਰਥਣਾਂ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਿਸ ਨੂੰ ਸਭ ਵੱਲੋਂ ਖੂਬ ਸਰਾਹਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸਤਨਾਮ ਬਟਾਲਵੀ ਗਰੁੱਪ ਇੰਸਟਰਕਟਰ, ਕੁਲਦੀਪ ਸਿੰਘ ਇੰਚਾਰਜ ਆਰ.ਆਈ.ਸੀ ਤੋਂ ਇਲਾਵਾ ਸੰਸਥਾ ਦਾ ਸਮੂਹ ਸਟਾਫ ਅਤੇ ਸਿਖਿਆਰਥਣਾਂ ਹਾਜਰ ਸਨ।