January 15, 2025

Chandigarh Headline

True-stories

ਮੁੱਖ ਮੰਤਰੀ ਨੇ 30 ਜੂਨ ਤੱਕ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰਨ ਅਤੇ ਜਲ ਸਰੋਤਾਂ ਦੀ ਸਫ਼ਾਈ ਕਰਨ ਦੇ ਦਿੱਤੇ ਹੁਕਮ

1 min read

ਚੰਡੀਗੜ੍ਹ, 29 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਭਰ ਵਿੱਚ ਡਰੇਨਾਂ ਦੀ ਸਫ਼ਾਈ ਅਤੇ ਹੜ੍ਹ ਰੋਕੂ ਪ੍ਰਬੰਧ 30 ਜੂਨ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲੈਣ।

ਸੂਬੇ ਵਿੱਚ ਚੱਲ ਰਹੇ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲੈਣ ਲਈ ਸੂਬਾਈ ਹੜ੍ਹ ਕੰਟਰੋਲ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਡਰੇਨਾਂ ਦੀ ਕੁੱਲ ਲੰਬਾਈ 8136.76 ਕਿਲੋਮੀਟਰ ਅਤੇ ਧੁੱਸੀ ਬੰਨ੍ਹਾਂ ਦੀ ਲੰਬਾਈ 1365 ਕਿਲੋਮੀਟਰ ਹੈ। ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਡਰੇਨਾਂ ਦੀ ਸਫ਼ਾਈ ਦੇ 232 ਕੰਮਾਂ ‘ਤੇ 34.85 ਕਰੋੜ ਰੁਪਏ ਅਤੇ 100 ਹੜ੍ਹ ਰੋਕੂ ਕੰਮਾਂ ‘ਤੇ 48.32 ਕਰੋੜ ਰੁਪਏ ਖਰਚ ਕੀਤੇ ਗਏ ਹਨ। ਭਗਵੰਤ ਮਾਨ ਨੇ ਦੱਸਿਆ ਕਿ ਇਸ ਸਾਲ ਹੜ੍ਹ ਰੋਕੂ ਕੰਮਾਂ ‘ਤੇ ਹੁਣ ਤੱਕ 39.90 ਕਰੋੜ ਰੁਪਏ ਅਤੇ ਡਰੇਨਾਂ ਦੀ ਸਫਾਈ ‘ਤੇ 39.43 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੰਮ ਚੱਲ ਰਿਹਾ ਹੈ ਅਤੇ ਪੁਲਾਂ ਦੇ ਹੇਠਾਂ ਜਲ ਸਰੋਤਾਂ ਦੀ ਸਫ਼ਾਈ ਅਤੇ ਜਲ ਸਰੋਤਾਂ ਵਿੱਚੋਂ ਗਾਰ ਕੱਢਣ ਦੇ ਨਾਲ-ਨਾਲ ਬਾਰਸ਼ਾਂ ਕਾਰਨ ਅਕਸਰ ਹੜ੍ਹਾਂ ਦੀ ਸੰਭਾਵਨਾ ਵਾਲੀਆਂ ਥਾਵਾਂ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਹੜ੍ਹ ਰੋਕੂ ਕੰਮਾਂ ਦੀ ਬਾਕਾਇਦਾ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਹੜ੍ਹਾਂ ਕਾਰਨ ਮਨੁੱਖੀ ਜਾਨਾਂ, ਪਸ਼ੂ ਧਨ, ਜਾਇਦਾਦ ਅਤੇ ਖੜ੍ਹੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ‘ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਦੀ ਸੰਭਾਵਨਾ ਨੂੰ ਖ਼ਤਮ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਚੈੱਕ ਡੈਮਾਂ ਦੀ ਉਸਾਰੀ, ਰੁੱਖ ਲਗਾਉਣ, ਖਾਸ ਕਰਕੇ ਬਾਂਸ ਅਤੇ ਹੋਰ ਬੂਟੇ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਚੈੱਕ ਡੈਮਾਂ ਦੀ ਉਸਾਰੀ ਲਈ 485 ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ 151 ਅਜਿਹੇ ਚੈੱਕ ਡੈਮ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਡੈਮਾਂ ਦੀ ਉਸਾਰੀ ਲਈ ਹੋਰ ਥਾਵਾਂ ਦੀ ਸ਼ਨਾਖਤ ਵੀ ਕੀਤੀ ਜਾ ਰਹੀ ਹੈ ਅਤੇ 66.73 ਕਿਲੋਮੀਟਰ ਥਾਂ ਉਤੇ ਬਾਂਸ ਦੇ ਬੂਟੇ ਵੀ ਲਾਏ ਜਾ ਚੁੱਕੇ ਹਨ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦੱਖਣ-ਪੱਛਮੀ ਪੰਜਾਬ ਵਿੱਚ ਹੜ੍ਹਾਂ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਕੁਝ ਡਰੇਨਾਂ ਦੇ ਰਾਹ ਨੂੰ ਦਰੁਸਤ ਕਰਨ, ਨੀਵੇਂ ਇਲਾਕਿਆਂ ਨੂੰ ਨਹਿਰਾਂ ਨਾਲ ਜੋੜਨ ਲਈ ਪਾਈਪਾਂ ਵਿਛਾਉਣ ਅਤੇ ਪੁਲਾਂ ਨੂੰ ਦੁਬਾਰਾ ਬਣਾਉਣ ਵਰਗੇ ਕਈ ਉਪਰਾਲੇ ਕੀਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰੀ ਫੰਡਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾ ਕੇ ਕੰਮ ਨੂੰ ਉੱਚ ਗੁਣਵੱਤਾ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..