January 2, 2025

Chandigarh Headline

True-stories

ਵਿਜੀਲੈਂਸ ਵੱਲੋਂ PSPCL ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ, 22 ਜੂਨ, 2023: ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਖੂਈ ਖੇੜਾ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਲਾਈਨਮੈਨ ਮਹਿੰਦਰ ਕੁਮਾਰ ਨੂੰ 40,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।

ਉਕਤ ਲਾਈਨਮੈਨ ਨੂੰ ਪ੍ਰਦੀਪ ਕੁਮਾਰ ਵਾਸੀ ਪਿੰਡ ਬਾਜ਼ੀਦਪੁਰ ਕੱਟਿਆਂਵਾਲੀ, ਜੋ ਆਪਣੇ ਪਿੰਡ ਵਿੱਚ ਬਾਲਾਜੀ ਮਿਲਕ ਸੈਂਟਰ ਚਲਾਉਂਦਾ ਹੈ, ਦੀ ਸ਼ਿਕਾਇਤ ਉਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਦੀਪ ਕੁਮਾਰ ਨੇ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੇ ਫਾਜ਼ਿਲਕਾ ਯੂਨਿਟ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਈਨਮੈਨ ਮਹਿੰਦਰ ਕੁਮਾਰ ਨੇ ਬਾਲਾਜੀ ਮਿਲਕ ਸੈਂਟਰ ਦੇ ਅਪ੍ਰੈਲ, 2023 ਮਹੀਨੇ ਵਿੱਚ 73,790 ਰੁਪਏ ਦੇ ਆਏ ਬਿਜਲੀ ਬਿੱਲ ਦਾ ਨਿਪਟਾਰਾ ਕਰਨ ਬਦਲੇ ਰਿਸ਼ਵਤ ਵਜੋਂ 40,000 ਰੁਪਏ ਦੀ ਮੰਗ ਕੀਤੀ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਇਸ ਤੋਂ ਪਹਿਲਾਂ ਫਰਵਰੀ ਮਹੀਨੇ 52,360 ਰੁਪਏ ਬਿਜਲੀ ਦਾ ਬਿੱਲ ਆਇਆ ਸੀ ਅਤੇ ਉਕਤ ਲਾਈਨਮੈਨ ਨੇ ਇਸ ਬਿਜਲੀ ਦੇ ਬਿੱਲ ਨੂੰ ਠੀਕ ਕਰਵਾਉਣ ਬਦਲੇ ਉਸ ਤੋਂ 21,000 ਰੁਪਏ ਲਏ ਸਨ ਪਰ ਜਦੋਂ ਉਸ ਦਾ ਅਪ੍ਰੈਲ ਮਹੀਨੇ ਦਾ ਬਿਜਲੀ ਦਾ ਬਿੱਲ 73,790 ਰੁਪਏ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਵਿੱਚ ਫਰਵਰੀ ਮਹੀਨੇ ਦਾ ਬਿੱਲ ਵੀ ਜੋੜਿਆ ਹੋਇਆ ਸੀ। ਇਸ ਲਈ ਉਸ ਨੇ ਦੁਬਾਰਾ ਲਾਈਨਮੈਨ ਨਾਲ ਸੰਪਰਕ ਕੀਤਾ ਤਾਂ ਲਾਈਨਮੈਨ ਨੇ ਉਸ (ਸ਼ਿਕਾਇਤਕਰਤਾ) ਤੋਂ ਹੋਰ 40,000 ਰੁਪਏ ਦੀ ਮੰਗ ਕੀਤੀ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਇਸ ਲਾਈਨਮੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ।

ਇਸ ਸਬੰਧੀ ਲਾਈਨਮੈਨ ਦੇ ਖ਼ਿਲਾਫ਼ ਥਾਣਾ ਵਿਜੀਲੈਂਸ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..