ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਹੜ੍ਹ ਪੀੜਤਾਂ ਲਈ ਭੋਜਨ ਕਿੱਟਾਂ, ਦਵਾਈਆਂ, ਪਸ਼ੂ ਚਾਰਾ, ਰਹਿਣ ਲਈ ਟੈਂਟ ਅਤੇ ਹੋਰ ਸੁਰੱਖਿਆ ਉਪਕਰਨ ਦਿੱਤੇ
1 min readਚੰਡੀਗੜ੍ਹ, 13 ਜੁਲਾਈ, 2023: ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਰੋਪੜ ਅਤੇ ਇਸ ਦੇ ਨੇੜੇ-ਤੇੜੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਅਵਾਨਕੋਟ, ਕੀਰਤਪੁਰ ਸਾਹਿਬ ਦਾਣਾ ਮੰਡੀ ਅਤੇ ਆਨੰਦਪੁਰ ਸਾਹਿਬ ਵਿੱਚ ਰਾਹਤ ਸਮੱਗਰੀ ਵੰਡੀ। ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸ੍ਰੀ ਸਾਹਨੀ ਦੇ ਨਾਲ ਸਨ।
ਵਿਕਰਮਜੀਤ ਸਿੰਘ ਸਾਹਨੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡ ਬੁਰਜ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਦੀ ਮੰਗ ਅਨੁਸਾਰ ਭਵਿੱਖ ਦੀ ਸੁਰੱਖਿਆ ਲਈ ਬੰਨ੍ਹ ਬਣਾਉਣ ਲਈ 50 ਲੱਖ ਰੁਪਏ ਦੀ ਗ੍ਰਾਂਟ ਦਿੱਤੀ।
ਪ੍ਰਭਾਵੀ ਰਾਹਤ ਕਾਰਜਾਂ ਲਈ ਰਾਹਤ ਕਰਮਚਾਰੀਆਂ ਅਤੇ ਵਾਲੰਟੀਅਰਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਸ. ਸਾਹਨੀ ਨੇ 1000 ਰੇਨਕੋਟ, 1000 ਗਮ ਬੂਟ, 1000 ਦਸਤਾਨੇ, 100 ਲਾਈਫ ਜੈਕਟ ਅਤੇ 500 ਸੇਫਟੀ ਗੀਅਰ ਅਤੇ ਹੋਰ ਵੱਖ-ਵੱਖ ਜ਼ਰੂਰੀ ਸਮੱਗਰੀ ਵੰਡੀ।
ਸਾਹਨੀ ਨੇ ਅਸਥਾਈ ਸ਼ੈਲਟਰਾਂ ਵਜੋਂ ਸੇਵਾ ਕਰਨ ਲਈ 50 ਵਿਸ਼ਾਲ ਵਾਟਰ ਪਰੂਫ ਟੈਂਟ ਦਾਨ ਕੀਤੇ ਜਿਸ ਵਿੱਚ ਕਿਸੇ ਵੀ ਸਮੇਂ 1000 ਤੋਂ ਵੱਧ ਲੋਕ ਬੈਠ ਸਕਦੇ ਹਨ। ਫੂਡ ਪੈਕੇਟਾਂ ਦੇ ਨਾਲ ਹੀ ਸਨ ਫਾਊਂਡੇਸ਼ਨ ਦੇ 100 ਤੋਂ ਵੱਧ ਵਲੰਟੀਅਰਾਂ ਰਾਹੀਂ ਫੌਰੀ ਰਾਹਤ ਲਈ ਪੀਣ ਵਾਲਾ ਸਾਫ਼ ਪਾਣੀ, ਮੁੱਢਲੀਆਂ ਦਵਾਈਆਂ, ਮੱਛਰ ਭਜਾਉਣ ਵਾਲੀਆਂ ਦਵਾਈਆਂ ਆਦਿ ਵੰਡੀਆਂ ਗਈਆਂ।
ਸਾਹਨੀ ਨੇ ਲਗਾਤਾਰ ਪੈ ਰਹੇ ਮੀਂਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਸ਼ੂਆਂ ਲਈ 600 ਕੁਇੰਟਲ ਚਾਰੇ ਦਾ ਪ੍ਰਬੰਧ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਜ਼ਿਆਦਾਤਰ ਛੋਟੇ ਕਿਸਾਨ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਇਨ੍ਹਾਂ ਪਸ਼ੂਆਂ ਤੇ ਨਿਰਭਰ ਕਰਦੀ ਹੈ ਅਤੇ ਹੜ੍ਹਾਂ ਦਾ ਪਾਣੀ ਘੱਟਣ ਤੋਂ ਬਾਅਦ ਪੀੜਤਾਂ ਦੀ ਜ਼ਿੰਦਗੀ ਨੂੰ ਆਮ ਵਾਂਗ ਬਣਾਉਣ ਲਈ ਪਸ਼ੂਆਂ ਦੀ ਸਿਹਤ ਮਹੱਤਵਪੂਰਨ ਹੈ।
ਮੌਕੇ ਤੇ ਮੌਜੂਦ ਵਰਕਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਾਹਨੀ ਨੇ ਮੌਜੂਦਾ ਹਾਲਾਤਾਂ ’ਚ ਉਨ੍ਹਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਕੀਤਾ ਅਤੇ ਰਾਹਤ ਕਾਰਜਾਂ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਸਾਹਨੀ ਨੇ ਇਹ ਵੀ ਕਿਹਾ ਕਿ ਪੰਜਾਬ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ ਪਰ ਇਤਿਹਾਸ ਗਵਾਹ ਹੈ ਕਿ ਪੰਜਾਬ ਵਿੱਚ ਮੁਸੀਬਤਾਂ ਨਾਲ ਲੜਨ ਅਤੇ ਜਿੱਤਣ ਦੀ ਸਮਰੱਥਾ ਹੈ। ਇੱਕ ਵਾਰ ਫਿਰ ਇਹ ਦੁਹਰਾਇਆ ਜਾਵੇਗਾ ਅਤੇ ਅਸੀਂ ਸਾਰੇ ਮਿਲ ਕੇ ਇਸ ਕੁਦਰਤੀ ਆਫ਼ਤ ਤੋਂ ਪੈਦਾ ਹੋਈ ਮੁਸੀਬਤ ਨੂੰ ਪਾਰ ਕਰਾਂਗੇ ਅਤੇ ਇੱਕ–ਇੱਕ ਪ੍ਰਭਾਵਿਤ ਵਿਅਕਤੀ ਨੂੰ ਰਾਹਤ ਪਹੁੰਚਾਵਾਂਗੇ।
ਸਾਹਨੀ ਨੇ ਕਿਹਾ ਕਿ ਸਨ ਫਾਊਂਡੇਸ਼ਨ ਸਾਰੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਰਾਹਤ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸਾਡੇ ਸਾਰੇ ਵਰਕਰ ਇਸ ਔਖੀ ਘੜੀ ਵਿੱਚ ਸਮਰਪਣ ਅਤੇ ਸਮੂਹਿਕ ਤੌਰ ਤੇ ਕੰਮ ਕਰਦੇ ਰਹਿਣਗੇ।