ਸਰਕਾਰੀ ਇਮਾਰਤ ਵਿੱਚ ਜਲਦ ਸਥਾਪਤ ਕਰਾਂਗੇ ਮੋਹਾਲੀ ਪ੍ਰੈੱਸ ਕਲੱਬ : ਕੁਲਦੀਪ ਸਿੰਘ ਧਾਲੀਵਾਲ
1 min readਮੋਹਾਲੀ, 19 ਦਸੰਬਰ, 2023 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਜਲਦੀ ਹੀ ਮੋਹਾਲੀ ਵਿਚ ਪ੍ਰੈੱਸ ਕਲੱਬ ਲਈ ਢੁੱਕਵੀਂ ਥਾਂ ਉਤੇ ਨਵੀਂ ਇਮਾਰਤ ਉਸਾਰੀ ਜਾਵੇਗੀ।
ਇਹ ਭਰੋਸਾ ਅੱਜ ਇੱਥੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਕਲੱਬ ਲਈ ਥਾਂ ਨਹੀਂ ਮਿਲਦੀ ਓਨਾ ਚਿਰ ਕਿਸੇ ਵੀ ਸਰਕਾਰੀ ਇਮਾਰਤ ਵਿਚ ਆਰਜ਼ੀ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਮੋਹਾਲੀ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਸ਼ਨਾਖਤੀ ਕਾਰਡ ਵੀ ਤਕਸੀਮ ਕੀਤੇ ਅਤੇ ਮੋਹਾਲੀ ਪ੍ਰੈਸ ਕਲੱਬ ਦੀ ਟੀਮ ਵਲੋਂ ਸ. ਕੁਲਦੀਪ ਸਿੰਘ ਧਾਲੀਵਾਲ ਨੂੰ ਪ੍ਰੈਸ ਦਾ ਆਨਰੇਰੀ ਆਈ ਕਾਰਡ ਵੀ ਭੇਟ ਕੀਤਾ ਗਿਆ। ਇਸ ਮੌਕੇ ਉਹਨਾਂ ਕਲੱਬ ਨੂੰ 2 ਲੱਖ ਰੁਪਏ ਦੀ ਵਿੱਤੀ ਮੱਦਦ ਦੇਣ ਦਾ ਵੀ ਐਲਾਨ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮੋਹਾਲੀ ਸ਼ਹਿਰ ਵਿਚ ਪ੍ਰੈਸ ਕਲੱਬ ਲਈ ਥਾਂ ਨਾ ਹੋਣਾ ਦੁੱਖਦਾਈ ਮਸਲਾ ਹੈ। ਜਿਸ ਨੂੰ ਜਲਦੀ ਹੀ ਹੱਲ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅੱਜ ਕੈਬਨਿਟ ਸਬ ਕਮੇਟੀ ਮੀਟਿੰਗ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਭੱਖਦੇ ਮਸਲੇ ਵਿਚਾਰੇ ਗਏ, ਜਿਨ੍ਹਾਂ ਨੂੰ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਪਿਛਲੇ ਪੌਣੇ ਦੋ ਸਾਲ ਵਿਚ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਲਾਲ ਡੋਰੇ ਅੰਦਰ ਪੈਂਦੀਆਂ ਜ਼ਮੀਨਾਂ ਦੀ ਰਜਿਸਟਰੀ ਨਾ ਹੋਣ ਦਾ ਮਸਲਾ ਵੀ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਪਰਿਵਾਰਕ ਜ਼ਮੀਨਾਂ ਦੀ ਤਕਸੀਮ ਲਈ ਪਿੰਡ-ਪਿੰਡ ਕੈਂਪ ਲਾਏ ਜਾਣਗੇ ਅਤੇ ਲੋਕਾਂ ਨੂੰ ਆ ਰਹੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।
ਇਸ ਮੌਕੇ ਬੋਲਦਿਆਂ ਪੰਜਾਬ ਜਲ ਸਲਪਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਮੋਹਾਲੀ ਦੀ ਪ੍ਰੈਸ ਲੋਕ ਪੱਖੀ ਹੈ ਅਤੇ ਪ੍ਰੈਸ ਕਲੱਬ ਲਈ ਕੀਤੀ ਗਈ ਮੰਗ ਨੂੰ ਸ਼ੇਤੀ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਸਰਕਾਰੀ ਜ਼ਮੀਨ ਦਾ ਫੈਸਲਾ ਨਹੀਂ ਹੁੰਦਾ, ਓਨੀ ਚਿਰ ਕਿਸੇ ਵੀ ਸਰਕਾਰੀ ਇਮਾਰਤ ਵਿਚ ਮੋਹਾਲੀ ਪ੍ਰੈਸ ਕਲੱਬ ਨੂੰ ਥਾਂ ਦਿੱਤੀ ਜਾਵੇ, ਤਾਂ ਜੋ ਪੱਤਰਕਾਰ ਭਾਈਚਾਰਾ ਇਕ ਛੱਤ ਹੇਠ ਬੈਠ ਕੇ ਕੰਮ ਕਰ ਸਕਣ।
ਇਸ ਮੌਕੇ ਬੋਲਦਿਆਂ ਮੋਹਾਲੀ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੋਹਾਲੀ ਸ਼ਹਿਰ ਕੌਮਾਂਤਰੀ ਪੱਤਰ ਉਤੇ ਜਾਣਿਆ ਜਾਂਦਾ ਸ਼ਹਿਰ ਹੈ ਪਰ ਮੋਹਾਲੀ ਵਿਚ ਪ੍ਰੈੱਸ ਕਲੱਬ ਨਾ ਹੋਣ ਕਰਕੇ ਪੱਤਰਕਾਰਾਂ ਨੂੰ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਪ੍ਰੈੱਸ ਸਰਕਾਰ ਅਤੇ ਲੋਕਾਂ ਵਿਚਕਾਰ ਪੁੱਲ ਦਾ ਕੰਮ ਕਰਦੀ ਹੈ ਅਤੇ ਪੱਤਰਕਾਰਾਂ ਲਈ ਅਜਿਹੀ ਬੁਨਿਆਦੀ ਸਹੂਲਤ ਨਾ ਹੋਣ ਕਰਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕੈਬਨਿਟ ਮੰਤਰੀ ਸ. ਧਾਲੀਵਾਲ ਤੋਂ ਮੰਗ ਕੀਤੀ ਕਿ ਮੋਹਾਲੀ ਵਿਚ ਜਲਦ ਹੀ ਪ੍ਰੈਸ ਕਲੱਬ ਲਈ ਥਾਂ ਦਿੱਤੀ ਜਾਵੇ।
ਇਸ ਮੌਕੇ ਪ੍ਰੈੱਸ ਕਲੱਬ ਵਿਚ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ, ਸੀ. ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ ਅਤੇ ਵਿਜੇ ਕੁਮਾਰ, ਕੈਸ਼ੀਅਰ ਰਾਜੀਵ ਤਨੇਜਾ, ਜੁਆਇੰਟ ਸਕੱਤਰ ਨੀਲਮ ਠਾਕੁਰ ਅਤੇ ਮਾਇਆ ਰਾਮ, ਹਰਬੰਸ ਸਿੰਘ ਬਾਗੜੀ, ਸਮਾਜਸੇਵੀ ਜਗਜੀਤ ਕੌਰ ਕਾਹਲੋਂ, ਬ੍ਰਿਗੇਡੀਅਰ ਰਾਜਿੰਦਰ ਸਿੰਘ ਕਾਹਲੋਂ, ਅਜਾਇੰਬ ਸਿੰਘ ਔਜਲਾ, ਸੰਦੀਪ ਬਿੰਦਰਾ, ਜਸਵੀਰ ਸਿੰਘ ਗੋਸਲ, ਰਾਜੀਵ ਵਸ਼ਿਸ਼ਟ, ਅਕਵਿੰਦਰ ਗੋਸਲ, ਤਰੁਣਜੀਤ ਸਿੰਘ ਪੀਏ ਵਿਧਾਇਕ ਮੋਹਾਲੀ, ਆਰ.ਪੀ. ਸ਼ਰਮਾ, ਹਰਿੰਦਰਪਾਲ ਸਿੰਘ ਹੈਰੀ, ਕੁਲਵਿੰਦਰ ਸਿੰਘ ਬਾਵਾ, ਅਮਨ ਗਿੱਲ, ਮੰਗਤ ਸਿੰਘ ਸੈਦਪੁਰ, ਸੁਖਵਿੰਦਰ ਸਿੰਘ ਸ਼ਾਨ, ਸੰਦੀਪ ਸ਼ਰਮਾ, ਕੁਲਵੰਤ ਕੋਟਲੀ, ਗੁਰਮੀਤ ਸਿੰਘ ਰੰਧਾਵਾ, ਪਾਲ ਸਿੰਘ ਕੰਸਾਲਾ, ਧਰਮ ਸਿੰਘ, ਸਰੋਜ ਕੁਮਾਰੀ ਵਰਮਾ, ਰਣਜੀਤ ਸਿੰਘ ਧਾਲੀਵਾਲ, ਭੁਪਿੰਦਰ ਬੱਬਰ, ਤਿਲਕ ਰਾਜ, ਵਾਸਨ ਸਿੰਘ ਗੋਰਾਇਆ, ਰਾਜੀਵ ਕੁਮਾਰ ਸੱਚਦੇਵਾ, ਧਰਮਿੰਦਰ ਸਿੰਗਲਾ, ਅਰੁਣ ਨਾਭਾ, ਗੁਰਜੀਤ ਸਿੰਘ, ਗੁਰਨਾਮ ਸਾਗਰ, ਮੈਨੇਜਰ ਜਗਦੀਸ਼ ਸ਼ਾਰਦਾ, ਨਰਿੰਦਰ ਰਾਣਾ ਆਦਿ ਹਾਜ਼ਰ ਸਨ।