ਸ਼ਹਿਰ ਵਾਸਤੇ ਬਲਬੀਰ ਸਿੱਧੂ ਨੇ ਕੋਈ ਵੀ ਵੱਡਾ ਪ੍ਰਾਜੈਕਟ ਨਹੀਂ ਲਿਆਂਦਾ : ਕੁਲਵੰਤ ਸਿੰਘ
1 min readਮੋਹਾਲੀ, 5 ਫ਼ਰਵਰੀ, 2022: ਮੁਹਾਲੀ ਸ਼ਹਿਰ ਦੇ ਲੋਕਾਂ ਨੇ ਆਪਣੀ ਫਰਾਖਦਿਲੀ ਦਿਖਾਉਂਦੇ ਹੋਏ ਬਲਵੀਰ ਸਿੱਧੂ ਨੂੰ ਤਿੰਨ ਵਾਰ ਮੁਹਾਲੀ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਪ੍ਰੰਤੂ ਏਨੇ ਲੰਮੇ ਕਾਰਜਕਾਲ ਦੇ ਦੌਰਾਨ ਬਲਬੀਰ ਸਿੱਧੂ ਨੇ ਮੋਹਾਲੀ ਹਲਕੇ ਵਾਸਤੇ ਕੋਈ ਵੀ ਵੱਡਾ ਪ੍ਰਾਜੈਕਟ ਨਹੀਂ ਲਿਆਂਦਾ ਅਤੇ ਨਾ ਹੀ ਸਿਹਤ ਸੇਵਾਵਾਂ ਨੂੰ ਠੀਕ ਕੀਤਾ ।
ਇਹ ਗੱਲ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ -ਕੁਲਵੰਤ ਸਿੰਘ ਨੇ ਡੋਰ ਟੂ ਡੋਰ ਮੁਹਿੰਮ ਦੇ ਤਹਿਤ ਫੇਜ਼ -3 ਬੀ -2 ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ।
ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਨੇ ਸਿਹਤ ਮੰਤਰੀ ਹੁੰਦੇ ਹੋਏ ਵੀ ਮੁਹਾਲੀ ਸ਼ਹਿਰ ਦਾ ਕੋਈ ਭਲਾ ਨਹੀਂ ਕੀਤਾ । ਲੋਕਾਂ ਨੂੰ ਸਿਹਤ ਸੇਵਾਵਾਂ ਕਦੇ ਵੀ ਸਮੇਂ ਸਿਰ ਮੁਹੱਈਆ ਨਹੀਂ ਕਰਵਾਈਆਂ ਸਗੋਂ ਕੋਰੋਨਾ ਕਾਲ ਵੇਲੇ ਲੋਕੀਂ ਵੈਂਟੀਲੇਟਰ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਤੋਂ ਵਾਂਝੇ ਰਹੇ, ਪ੍ਰੰਤੂ ਬਲਬੀਰ ਸਿੱਧੂ ਬਤੌਰ ਸਿਹਤ ਮੰਤਰੀ ਆਪਣੇ ਘਰ ਵਿਚ ਹੀ ਲੰਮਾ ਸਮਾਂ ਰਹਿੰਦੇ ਹੋਏ, ਪ੍ਰਾਈਵੇਟ ਹਸਪਤਾਲਾਂ ਨੂੰ ਕਰੋਨਾ ਟੀਕਾ ਵੇਚਣ ‘ਚ ਮਸ਼ਗੂਲ ਰਹੇ ਅਤੇ ਉਨ੍ਹਾਂ ਨੇ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਵੀ ਬੋਰਡ ਲਗਾ ਰੱਖਿਆ ਸੀ ਕਿ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਕਾਰਨ ਉਹ ਕਿਸੇ ਨੂੰ ਨਹੀਂ ਮਿਲ ਸਕਦੇ ।
ਕੁਲਵੰਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਕਾਰਨ ਜਦੋਂ ਲੋਕੀਂ ਤ੍ਰਾਹ- ਤ੍ਰਾਹ ਕਰ ਰਹੇ ਸਨ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਸਮੇਂ ਸਿਰ ਲੈਣ ਦੇ ਲਈ ਸਿਹਤ ਮੰਤਰੀ ਨਾਲ ਹੀ ਸੰਪਰਕ ਕਰਨਾ ਹੁੰਦਾ ਸੀ ਪ੍ਰੰਤੂ ਬਲਬੀਰ ਸਿੱਧੂ ਨੇ ਇਸ ਕਾਰਜਕਾਲ ਦੇ ਦੌਰਾਨ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਜਾਰੀ ਰੱਖਿਆ । ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਮੋਹਾਲੀ ਸ਼ਹਿਰ ਦੇ ਡੋਰ ਟੂ ਡੋਰ ਮੁਹਿੰਮ ਵਿਚ ਸਵੇਰੇ 6 ਵਜੇ ਤੋਂ ਲੱਗੇ ਹੋਏ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕੀਂ ਆਪ ਮੁਹਾਰੇ ਬਲਬੀਰ ਸਿੱਧੂ ਦੇ ਕਾਰਜਕਾਲ ਨੂੰ ਕੋਸ ਰਹੇ ਹਨ ਅਤੇ ਬਲਬੀਰ ਸਿੱਧੂ ਨੂੰ ਮੁਹਾਲੀ ਹਲਕੇ ਤੋਂ ਚਲਦਾ ਕਰਨ ਦਾ ਮਨ ਪੱਕਾ ਬਣਾ ਬੈਠੇ ਹਨ । ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਸਮੇਤ ਪੂਰੇ ਪੰਜਾਬ ਵਿੱਚ ਆਪ ਪਾਰਟੀ ਦੇ ਹੱਕ ਵਿੱਚ ਹਨੇਰੀ ਝੁੱਲ ਗਈ ਹੈ ਅਤੇ ਲੋਕੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੇਖਣਾ ਚਾਹੁੰਦੇ ਹਨ ਤਾਂ ਕਿ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਹੂ-ਬ-ਹੂ ਪੰਜਾਬ ਵਿੱਚ ਵੀ ਲਾਗੂ ਕੀਤਾ ਜਾ ਸਕੇ । ਆਪ ਦੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਆਏ ਦਿਨ ਕਾਂਗਰਸ ਸਮੇਤ ਹੋਰਨਾਂ ਰਾਜਨੀਤਕ ਪਾਰਟੀਆਂ ਦੇ ਵੱਡੇ ਨੇਤਾ- ਗਣ ਆਪ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਪ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ।
ਡੋਰ ਟੂ ਡੋਰ ਰਾਬਤੇ ਦੇ ਦੌਰਾਨ ਕੁਲਵੰਤ ਸਿੰਘ ਦੇ ਨਾਲ ਡਾ. ਸਨੀ ਆਹਲੂਵਾਲੀਆ ਆਪ ਨੇਤਾ , ਕੌਂਸਲਰ ਸਰਬਜੀਤ ਸਿੰਘ ਸਮਾਣਾ, ਕੌਂਸਲਰ ਗੁਰਮੀਤ ਕੌਰ, ਵਪਾਰੀ ਨੇਤਾ ਸ਼ੀਤਲ ਸਿੰਘ, ਸਤੀਸ਼ ਸੈਣੀ- ਫੇਜ਼ -9 ਮੁਹਾਲੀ, ਫੌਜਾ ਸਿੰਘ, ਸਾਬਕਾ ਕੌਂਸਲਰ- ਹਰਪਾਲ ਸਿੰਘ ਚੰਨਾ, ਨੰਬਰਦਾਰ- ਹਰਸੰਗਤ ਸਿੰਘ ਸੋਹਾਣਾ, ਅਕਵਿੰਦਰ ਸਿੰਘ ਗੋਸਲ, ਵੀ ਹਾਜ਼ਰ ਸਨ ।