ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਅੱਜ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
1 min readਮੋਹਾਲੀ, 5 ਮਾਰਚ, 2022: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਥਾਨਕ ਮੁੱਖ ਦਫ਼ਤਰ ਵਿੱਚ ਅੱਜ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਨਿੱਚਰਵਾਰ ਤੋਂ ਅਰੰਭੇ ਗਏੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਪਾਵਨ ਮੌਕੇ ਭਾਈ ਅਮਰਜੀਤ ਸਿੰਘ ਖਾਲਸਾ (ਚੰਡੀਗੜ੍ਹ ਵਾਲੇ) , ਅਕਾਲ ਅਕਾਦਮੀ ਗੁ. ਬੜੂ ਸਾਹਿਬ (ਹਿਮਾਚਲ ਪ੍ਰਦੇਸ਼), ਭਾਈ ਸਤਨਾਮ ਸਿੰਘ ਕੋਹਾੜਕਾ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਵੱਲੋਂ ਸ਼ਬਦ ਕੀਰਤਨ ਅਤੇ ਭਾਈ ਹਰਪਾਲ ਸਿੰਘ ਕਥਾਵਾਚਕ, ਗੁ. ਸ੍ਰੀ ਫ਼ਤਹਿਗੜ ਸਾਹਿਬ ਵੱਲੋਂ ਕਥਾ ਪ੍ਰਚਾਰ ਕੀਤਾ ਗਿਆ। ਅਖੰਡ ਪਾਠ ਦੇ ਸਮਾਪਨ ਉਪਰੰਤ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ। ਇਸ ਮੌਕੇ ਤੇ ਖ਼ੂਨ-ਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਦੌਰਾਨ ਪੀ.ਜੀ.ਆਈ ਦੀ ਟੀਮ ਨੇ 100 ਯੂਨਿਟ ਖ਼ੂਨ ਇਕੱਠਾ ਕੀਤਾ।
ਵੇਰਵਿਆਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਸੋਮਵਾਰ ਸਵੇਰੇ 10 ਵਜੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਇੰਪਲਾਈਜ਼ ਬਲੱਡ ਡੋਨਰਜ਼ ਸੋਸਾਇਟੀ ਵੱਲੋਂ ਲਗਾਏ ਖ਼ੂਨ-ਦਾਨ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਬੋਰਡ ਦੇ ਅਧਿਕਾਰੀ ਤੇ ਸਿੱਖਿਆ ਬੋਰਡ ਦੀ ਮੁਲਾਜ਼ਮ ਜੱਥੇਬੰਦੀ ਦੇ ਅਹੁਦੇਦਾਰ ਵੀ ਹਾਜ਼ਰ ਸਨ।
ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਨ ਦੌਰਾਨ ਬੋਰਡ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਤੇ ਤਸੱਲੀ ਪਰਗਟ ਕਰਦਿਆਂ ਕਿਹਾ ਕਿ ਸਮਾਜ ਦੀ ਹਰ ਰੂਪ ਵਿੱਚ ਸੇਵਾ ਕਰਨਾ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੰਦੇਸ਼ ਹੈ ਅਤੇ ਇਸੇ ਨੂੰ ਅਧਾਰ ਮੰਨ ਕੇ ਸਿੱਖਿਆ ਬੋਰਡ ਆਪਣਾ ਕਾਰਜ ਲਗਾਤਾਰ ਕਰਦਾ ਰਹੇਗਾ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਰਮਾਏ ਅਨੁਸਾਰ ਜੀਵਨ ਜਿਉਣ ਲਈ ਕਿਹਾ। ਭਾਟੀਆ ਵੱਲੋਂ ਖ਼ੂਨ-ਦਾਨੀ ਮੁਲਾਜ਼ਮਾਂ ਨੂੰ ਉਚੇਚੇ ਤੌਰ ਤੇ ਤੋਹਫ਼ਿਆਂ ਅਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।
ਬਲੱਡ ਡੋਨਰਜ਼ ਸੋਸਾਇਟੀ ਦੇ ਪ੍ਰਧਾਨ ਅਜੀਤਪਾਲ ਸਿੰਘ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਵੱਲੋਂ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਅਤੇ ਸਮੂਹ ਖੂਨਦਾਨੀ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ।