11ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ 2 ਦਸੰਬਰ ਨੂੰ
1 min readਮੋਹਾਲੀ, 24 ਨਵੰਬਰ, 2022: ਗੁਰੂਕਾਲ ਤੋਂ ਚਲੀ ਆ ਰਹੀ ਪ੍ਰਾਚੀਨ ਕੀਰਤਨ ਪ੍ਰਥਾ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋੜੀ ਰੱਖਣ, ਇਸ ਦੀ ਸੰਭਾਲ, ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਗੁਰਮਤਿ ਸੰਗੀਤ ਵਿਭਾਗ, ਪ੍ਰਾਚੀਨ ਕਲਾ ਕੇਂਦਰ ਅਤੇ ਗੁਰਮਤਿ ਸੰਗੀਤ ਸੋਸਾਇਟੀ, ਚੰਡੀਗੜ੍ਹ ਵਲੋਂ ਗਿਆਰਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ ਮਿਤੀ 2 ਦਸੰਬਰ, 2022 ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ-34, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਮਤਿ ਸੰਗੀਤ ਸੋਸਾਇਟੀ, ਚੰਡੀਗੜ੍ਹ ਅਤੇ ਐਚਓਡੀ, ਗੁਰਮਤਿ ਸੰਗੀਤ ਵਿਭਾਗ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਡਾ. ਮਲਕੀਤ ਸਿੰਘ ਜੰਡਿਆਲਾ ਅਤੇ ਆਸ਼ੂਤੋਸ਼ ਮਹਾਜਨ, ਆਨਰੇੇੇਰੀ ਡਾਇਰੈਕਟਰ ਪ੍ਰੋਜੈਕਟ ਤੇ ਡਿਵੈਲਪਮੈਂਟ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਅਮਰੀਕਾ, ਕਨੇਡਾ, ਯੂਰੋਪ (online) ਅਤੇ ਦੇਸ਼ ਦੇ ਵੱਖ-ਵੱਖ ਪ੍ਰਾਂਤਾ ਤੋਂ ਸਕੂਲ, ਕਾਲੇਜ, ਵਿਸ਼ਵ ਵਿਦਿਆਲੇ ਅਤੇ ਧਾਰਮਿਕ ਥਾਵਾਂ ਤੋਂ ਲਗਭਗ 300 ਦੇ ਕਰੀਬ ਵੱਖ-ਵੱਖ ਗਰੁੱਪਾਂ ਵਿਚ ਭਾਗ ਲੈ ਰਹੇ ਹਨ। ਜਿਸ ਵਿਚ ਵਿਅਕਤੀਗਤ ਸ਼ਬਦ ਗਾਇਨ ਦੇ ਦੋ ਗਰੁੱਪ ਜੂਨੀਅਰ ਉਮਰ 10 ਸਾਲ ਤੋਂ 18 ਅਤੇ ਸੀਨੀਅਰ ਗਰੁੱਪ ਉਮਰ 18 ਸਾਲ ਤੋਂ 24 ਸਾਲ ਤਕ ਦੀ ਉਮਰ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਗਰੁੱਪ ਸ਼ਬਦ ਗਾਇਨ ਦੀ ਓਪਨ ਕੈਟਾਗਰੀ ਹੈ ਅਤੇ ਕੇਵਲ ਗਰੁੱਪ ਸ਼ਬਦ ਕੈਟਾਗਰੀ ਵਿਚ ਜੇਤੂ ਵਿਦਿਆਰਥੀਆਂ ਨੂੰ 31000 ਰੁਪਏ ਪਹਿਲਾ ਇਨਾਮ, 21000 ਰੁਪਏ ਦੂਜਾ ਅਤੇ 11000 ਰੁਪਏ ਤੀਜਾ ਇਨਾਮ ਦਿੱਤਾ ਜਾਵੇਗਾ।
ਡਾ. ਮਲਕੀਤ ਸਿੰਘ ਜੰਡਿਆਲਾ, ਐਚ. ਓ. ਡੀ. ਗੁਰਮਤਿ ਸੰਗੀਤ ਵਿਭਾਗ ਅਤੇ ਸਜਲ ਕੋਸਰ, ਸੈਕਟਰੀ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਸ਼ਬਦ ਗਾਇਨ ਮੁਕਾਬਲੇ ਦੀ ਮੁੱਖ ਸ਼ਰਤ ਸ਼ਬਦ ਦਾ ਗਾਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ “ਨਿਰਧਾਰਿਤ ਰਾਗ ਪਰ ਸ਼ਬਦ ਗਾਇਨ ਲਾਜ਼ਮੀ ਹੈ। ਇਸ ਸ਼ਬਦ ਗਾਇਨ ਮੁਕਾਬਲੇ ਦਾ ਮੁੱਖ ਮੰਤਵ ਗੁਰੂ ਕਾਲ ਤੋਂ ਚਲੀ ਆ ਰਹੀ ਪ੍ਰਾਚੀਨ ਅਤੇ ਨਿਵੇਕਲੀ ਕੀਰਤਨ ਪਰੰਪਰਾ ਦਾ ਅੱਜ ਦੀ ਨੌਜਵਾਨ ਪੀੜੀ ਰਾਹੀਂ ਸੰਭਾਲ, ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਇਸ ਮੁਕਾਬਲੇ ਵਿਚ ਵਿਅਕਤੀਗਤ ਸ਼ਬਦ ਗਾਇਨ ਦੇ ਜੇਤੂ ਵਿਦਿਆਰਥੀਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਵਜੋਂ ਮੈਡਲ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਦੌਰਾਨ ਦੂਜੇ ਰਾਜਾਂ ਤੋਂ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦੇ ਰਹਿਣ ਅਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।