ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਵਿਸ਼ਵ ਓਰਲ ਹੈਲਥ ਦਿਵਸ ਨੂੰ ਸਮਰਪਿਤ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ
1 min read
ਮੋਹਾਲੀ, 26 ਮਾਰਚ, 2022: ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਦੇ ਮੌਕੇ ’ਤੇ 21 ਮਾਰਚ ਤੋਂ ਸਵੱਛਤਾ ਹਫ਼ਤਾ ਮਨਾਇਆ ਗਿਆ, ਜੋ ਅੱਜ ਸਮਾਪਤ ਹੋ ਗਿਆ।
ਇਹ ਸਮਾਗਮ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਪਿ੍ਰੰਸੀਪਲ ਡਾ. ਵਿਮਲ ਕਾਲੀਆ ਦੀ ਅਗਵਾਈ ਹੇਠ ਪੀਰੀਓਡੌਂਟੋਲੋਜੀ ਵਿਭਾਗ ਅਤੇ ਪਬਲਿਕ ਹੈਲਥ ਡੈਂਟਿਸਟਰੀ ਵਿਭਾਗ ਵੱਲੋਂ ਕਰਵਾਇਆ ਗਿਆ।
ਇਸ ਹਫ਼ਤੇ ਦੌਰਾਨ ਕਰਵਾਏ ਗਏ ਸਮਾਗਮਾਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ, ਰੰਗੋਲੀ ਮੇਕਿੰਗ ਮੁਕਾਬਲੇ, ਪਿੰਡ ਲਾਂਡਰਾਂ ਵਿਖੇ ਦੰਦਾਂ ਦੇ ਮੁਫ਼ਤ ਸਿਹਤ ਜਾਂਚ ਕੈਂਪ ਅਤੇ ਲਾਂਡਰਾਂ, ਮੁਹਾਲੀ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਮੂੰਹ ਦੀ ਸਫਾਈ ਸਬੰਧੀ ਪ੍ਰਦਰਸ਼ਨ ਅਤੇ ਮੂੰਹ ਦੀ ਸਿਹਤ ਸਬੰਧੀ ਜਾਗਰੂਕਤਾ ਲੈਕਚਰ ਸ਼ਾਮਲ ਸਨ।
ਇਸ ਸਾਰੇ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਵੱਖ-ਵੱਖ ਸਮਾਗਮਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਅਤੇ ਜਾਣਕਾਰੀ ਭਰਪੂਰ ਪੋਸਟਰ ਬਣਾਉਣ ਲਈ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।