19ਵਾਂ ਨੌਜਵਾਨ ਪੱਤਰਕਾਰ ਸਨਮਾਨ ਦਿਵਸ: ਜਸਨੀਤ, ਹਰਸ਼ਿਤਾ ਨੂੰ ਮਿਲਿਆ ਪੱਤਰਕਾਰ ਸਿੰਮੀ ਮਰਵਾਹਾ ਯਾਦਗਾਰੀ ਸਨਮਾਨ
1 min readਚੰਡੀਗੜ੍ਹ, 3 ਅਪ੍ਰੈਲ, 2022: ਇਮਾਨਦਾਰੀ, ਸਾਹਸ, ਸਾਵਧਾਨੀ, ਮਿੱਤਰਤਾ, ਭਰੋਸਾ, ਸਮਾਜਿਕ ਦਰਦ, ਜਗਿਆਸੂ ਹੋਣਾ ਪੱਤਰਕਾਰ ਦੇ ਲਈ ਜਰੂਰੀ ਹੈ, ਨਿਰੀਖਕ, ਸਮੀਖਿਅਕ, ਅਲੋਚਕ ਦਿ੍ਸ਼ਟੀ, ਦੂਰਦਿ੍ਸ਼ਟੀ, ਪ੍ਰਸੰਨਤਾ, ਆਸ਼ਾਵਾਦਿਤਾ, ਵਿਨੋਦੀਵਿ੍ਤੀ, ਸੁਰੱਖਿਆਤਮਕ ਦਿ੍ਸ਼ਟੀ ਆਦਿ ਉਸਦੀ ਜਿੰਮੇਵਾਰੀ ਦੇ ਲਈ ਬੇਹੱਦ ਜਰੂਰੀ ਹੈ | ਸਾਡੇ ਦੇਸ਼ ਵਿੱਚ ਪੱਤਰਕਾਰਤਾ ਨੂੰ ਲੋਕਤੰਤਰ ਦੇ ਚੌਥੇ ਸਤੰਭ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ | ਕਿਉਂਕਿ ਇਹ ਜਨ-ਜਨ ਦੀ ਜਿੰਮੇਵਾਰੀ ਨੂੰ ਪ੍ਰਗਟ ਕਰਨ ਦਾ ਜਨਤਾਂਤਰਿਕ ਤਰੀਕਾ ਹੈ | ਇਸ ਮਕਸਦ ਨੂੰ ਲੈਕੇ ਐਤਵਾਰ ਨੂੰ ਪੱਤਰਕਾਰਾਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਕੰਮਾਂ ਦੇ ਲਈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋ ਮਾਸ ਕੌਮ ਪੱਤਰਾਚਾਰ ਦੇ ਟੌਪਰ ਵਿਦਿਆਰਥੀ ਨੂੰ ਸ਼ੁੱਧ ਚਾਂਦੀ ਦੇ ਸਿੰਮੀ ਮਰਵਾਹਾ ਯਾਦਗਾਰੀ ਸਨਮਾਨ ਪ੍ਰਦਾਨ ਕੀਤੇ ਗਏ |
ਆਪਣੇ ਸੰਬੋਧਨ ਵਿੱਚ ਸੀਨੀਅਰ ਪੱਤਰਕਾਰ ਬਲਜੀਤ ਪਰਮਾਰ ਨੇ ਕਿਹਾ ਕਿ ਪੱਤਰਕਾਰਾਂ ਨੂੰ ਹੋਰ ਕੁੱਝ ਹੋਵੇ ਨਾ ਹੋਵੇ ਪਰ ਸਮੇਂ ਦਾ ਪਾਬੰਦ ਤੇ ਇਮਾਨਦਾਰ ਜ਼ਰੂਰ ਹੋਣਾ ਚਾਹੀਦਾ ਹੈ। ਕਿਉਂਕਿ ਉਹ ਜੋ ਲਿਖਦੇ , ਸੁਣਾਉਂਦੇ ਤੇ ਦਿਖਾਉਂਦੇ ਹਨ ਉਸ ਨਾਲ ਲੱਖਾਂ ਲੋਕ ਜੁੜੇ ਹੋਏ ਹਨ। ਸਮਾਜ ਤੇ ਉਹਨਾਂ ਦੀ ਕਲਮ ਦਾ ਪ੍ਰਭਾਵ ਪੈਂਦਾ ਹੈ।
ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਮੈਂਬਰ ਵਿਨੋਦ ਕੋਹਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦਿੱਤੇ ਮੁੱਢਲੇ ਅਧਿਕਾਰਾਂ ਬਾਰੇ ਵੀ ਚਾਨਣਾ ਪਾਇਆ।
ਇਸ ਮੌਕੇ ਟਰੱਸਟ ਦੇ ਮੈਬਰ ਬਲਜੀਤ ਮਰਵਾਹਾ ਨੇ ਕਿਹਾ ਕਿ ਪੱਤਰਕਾਰਤਾ ਖੇਤਰ ਵਿੱਚ ਬੀਤੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਨਾਲ ਨਵੀਂਆਂ ਤਕਨੀਕਾਂ ਆਈਆਂ ਹਨ ਉਸੇ ਤਰ੍ਹਾਂ ਨੌਜਵਾਨਾ ਦੇ ਲਈ ਚੁਣੌਤੀਆਂ ਵੀ ਵਧੀਆਂ ਹਨ | ਉਨ੍ਹਾਂ ਨੇ ਦੱਸਿਆ ਕਿ ਹਰ ਸਾਲ 3 ਅਪ੍ਰੈਲ ਨੂੰ ਉਨ੍ਹਾਂ ਦੇ ਜਨਮ ਦਿਵਸ ਨੂੰ ਨੌਜਵਾਨ ਪੱਤਰਕਾਰ ਸਨਮਾਨ ਦਿਵਸ ਦੇ ਤੌਰ ਉਤੇ ਮਨਾਇਆ ਜਾਂਦਾ ਹੈ | ਟਰੱਸਟ ਹੁਣ ਤੱਕ ਦੇਸ਼ ਭਰ ਦੇ 68 ਪੱਤਰਕਾਰਾਂ ਨੂੰ ਸਨਮਾਨਿਤ ਕਰ ਚੁੱਕਾ ਹੈ |
ਸਿੱਖ ਨਿਉਜ਼ ਐਕਸਪ੍ਰੈਸ ਚੈਨਲ ਦਿੱਲੀ ਦੇ ਪੱਤਰਕਾਰ ਜਸਨੀਤ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਮਯੂਨੀਕੇਸ਼ਨ ਪੱਤਰਾਚਾਰ ਦੇ ਇਸ ਵਾਰ ਦੇ ਟਾੱਪਰ ਹਰਸ਼ਿਤਾ ਵਰਮਾ ਨੂੰ ਇਹ ਸਨਮਾਨ ਪ੍ਰਦਾਨ ਕੀਤੇੇ ਗਏ | ਇਹਨਾਂ ਤੋ ਇਲਾਵਾ ਭਾਰਤੀਯ ਪ੍ਰੈਸ ਪਰਿਸ਼ਦ ਦੇ ਮੈਬਰ ਵਿਨੋਦ ਕੋਹਲੀ ਨੂੰ ਆਦਰਸ਼ ਪੱਤਰਕਾਰ ਸਨਮਾਨ ਸੀਨੀਅਰ ਪੱਤਰਕਾਰ ਬਲਜੀਤ ਪਰਮਾਰ ਵੱਲੋ ਪ੍ਰਦਾਨ ਕੀਤਾ ਗਿਆ | ਇਸ ਮੌਕੇ ਸ਼ਿਵ ਸੈਨਾ ਹਿੰਦ ਪਾਰਟੀ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ, ਪੱਤਰਕਾਰ ਅਮਰਪਾਲ ਨੂਰਪੁਰੀ, ਧਰਮ ਲੂਣਾ, ਨਵੀਨ ਸ਼ਰਮਾ, ਹਰਜਿੰਦਰ ਚੌਹਾਨ, ਮਨਦੀਪ ਮਰਵਾਹਾ, ਰੰਜੂ ਏਰੀ ਹਾਜ਼ਰ ਰਹੇ।