ਜ਼ਿਲ੍ਹਾ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਣ ਦੀ ਸਲਾਹ
1 min readਮੋਹਾਲੀ, 11 ਅਪ੍ਰੈਲ, 2022: ਜ਼ਿਲ੍ਹਾ ਸਿਹਤ ਵਿਭਾਗ ਨੇ ਸਖ਼ਤ ਗਰਮੀ ਨੂੰ ਵੇਖਦਿਆਂ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਣ ਦੀ ਸਲਾਹ ਦਿਤੀ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਸ ਵਾਰ ਗਰਮੀ ਦਾ ਮੌਸਮ ਮੁਕਾਬਲਤਨ ਛੇਤੀ ਸ਼ੁਰੂ ਹੋ ਗਿਆ ਹੈ ਅਤੇ ਅਗਲੇ ਦੋ-ਤਿੰਨ ਮਹੀਨਿਆਂ ਦੌਰਾਨ ਮੌਸਮ ਆਮ ਤੌਰ ’ਤੇ ਕਾਫ਼ੀ ਗਰਮ ਹੁੰਦਾ ਹੈ, ਇਸ ਲਈ ਅਪਣੇ ਆਪ ਦਾ ਗਰਮੀ ਤੋਂ ਬਚਾਅ ਕੀਤਾ ਜਾਵੇ। ਡਾ. ਭਾਰਦਵਾਜ ਨੇ ਦਸਿਆ ਕਿ ਗਰਮੀ ਅਤੇ ਲੂ ਦਾ ਅਸਰ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਬੱਚਿਆਂ ’ਤੇ ਜ਼ਿਆਦਾ ਹੋ ਸਕਦਾ ਹੈ, ਇਸ ਲਈ ਗਰਮੀ ਤੋਂ ਬਚਣ ਦੇ ਉਪਾਅ ਕਰਨ ਦੀ ਲੋੜ ਹੈ। ਉਨ੍ਹਾਂ ਦਸਿਆ ਕਿ ਜਿਨ੍ਹਾਂ ਲੋਕਾਂ ’ਤੇ ਗਰਮੀ ਜਾਂ ਲੂ ਦਾ ਅਸਰ ਜ਼ਿਆਦਾ ਹੋ ਸਕਦਾ ਹੈ, ਉਨ੍ਹਾਂ ਵਿਚ ਗਰਭਵਤੀ ਔਰਤਾਂ, ਮਜ਼ਦੂਰ, ਕਿਸਾਨ ਜਾਂ ਖੁਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਲੋਕ, ਬੇਘਰੇ, ਸੜਕਾਂ ਕੰਢੇ ਜਾਂ ਫ਼ੁਟਪਾਥਾਂ ’ਤੇ ਰਹਿਣ ਵਾਲੇ ਲੋਕ, ਗਰਮ ਵਾਤਾਵਰਣ ਵਿਚ ਸਖ਼ਤ ਮਿਹਨਤ ਕਰਨ ਵਾਲੇ ਲੋਕ ਜਾਂ ਖੁਲ੍ਹੇ ਵਿਚ ਸਖ਼ਤ ਕਸਰਤ ਕਰਨ ਵਾਲੇ ਖਿਡਾਰੀ ਸ਼ਾਮਲ ਹਨ। ਅਜਿਹੇ ਵਿਅਕਤੀਆਂ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ ਜਿਸ ਕਾਰਨ ਉਹ ਗਰਮੀ ਤੇ ਲੂ ਦੀ ਲਪੇਟ ਵਿਚ ਛੇਤੀ ਆ ਸਕਦੇ ਹਨ।
ਡਾ. ਆਦਰਸ਼ਪਾਲ ਨੇ ਕਿਹਾ ਕਿ ਗਰਮੀ ਕਾਰਨ ਤਾਪਮਾਨ ਵੱਧ ਜਾਂਦਾ ਹੈ ਜਿਸ ਕਾਰਨ ਸਰੀਰ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ, ਵਿਅਕਤੀ ਨੂੰ ਚੱਕਰ ਆ ਸਕਦੇ ਹਨ, ਬੇਹੋਸ਼ ਹੋ ਕੇ ਡਿੱਗ ਸਕਦਾ ਹੈ। ਲੂ ਦੇ ਲੱਛਣਾਂ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦਸਿਆ ਕਿ ਗਰਮੀ ਕਾਰਨ ਪਿੱਤ ਹੋਣਾ ਜਾਂ ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਣ ਹੋਣਾ, ਸਿਰ ਦਰਦ ਤੇ ਉਲਟੀਆਂ ਲੱਗਣੀਆਂ, ਗਰਮੀ ਦੇ ਬਾਵਜੂਦ ਘੱਟ ਪਸੀਨਾ ਆਉਣਾ, ਲਾਲ, ਗਰਮ ਤੇ ਖ਼ੁਸ਼ਕ ਚਮੜੀ, ਪੁਰਾਣੀਆਂ ਬੀਮਾਰੀਆਂ, ਮਾਸਪੇਸ਼ੀਆਂ ਵਿਚ ਕਮਜ਼ੋਰੀ ਆਦਿ ਇਸ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ, ਬੁੱਢਿਆਂ ਤੇ ਗਰਭਵਤੀ ਔਰਤਾਂ ਨੂੰ ਲੂ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
ਇਹ ਕਰੋ
ਅਪਣੇ ਘਰ ਨੂੰ ਠੰਢਾ ਰੱਖੋ। ਦਿਨ ਵੇਲੇ ਤਾਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਪਾਣੀ ਜ਼ਿਆਦਾ ਪੀਉ, ਲੱਸੀ, ਨਿੰਬੂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰੋ। ਸਰੀਰ ਨੂੰ ਠੰਢਾ ਰੱਖੋ। ਹਲਕੇ ਰੰਗ ਦੇ ਕਪੜੇ ਪਾਉ। ਬਾਹਰ ਜਾਣ ’ਤੇ ਐਨਕ ਲਾਉ ਤੇ ਟੋਪੀ ਪਾਉ। ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਢੀ ਥਾਂ ਲੱਭੋ ਜਿਵੇਂ ਰੁੱਖ ਜਾਂ ਹੋਰ ਛਾਂਦਾਰ ਥਾਂ।
ਇਹ ਨਾ ਕਰੋ
ਆਮ ਤੌਰ ’ਤੇ ਸਵੇਰੇ 11 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤਕ ਬਾਹਰ ਜਾਣ ਤੋਂ ਬਚੋ। ਬੱਚਿਆਂ ਤੇ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਵਿਚ ਨਾ ਛੱਡੋ। ਤਿੱਖੀ ਧੁੱਪ ਵਿਚ ਨਾ ਜਾਉ। ਸ਼ਰਾਬ ਦਾ ਸੇਵਨ ਨਾ ਕਰੋ। ਜਿੰਨਾ ਹੋ ਸਕੇ, ਸਖ਼ਤ ਸਰੀਰਕ ਸਰਗਰਮੀ ਤੋਂ ਬਚੋ।