ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਜੰਡਿਆਲਾ ਗੁਰੂ ਹਲਕੇ ਦੇ ਸਕੂਲਾਂ ਅਤੇ ਹਸਪਤਾਲ ਦਾ ਦੌਰਾ
ਅੰਮ੍ਰਿਤਸਰ / ਜੰਡਿਆਲਾ ਗੁਰੂ, 24 ਅਪ੍ਰੈਲ, 2022: ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਦੀਆਂ ਇਮਾਰਤਾਂ, ਬੁਨਿਆਦੀ ਢਾਂਚਾ, ਸਟਾਫ ਦੀ ਤਾਇਨਾਤੀ ਅਤੇ ਹੋਰ ਲੋੜਾਂ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਖੱਬੇ ਰਾਜਪੂਤਾਂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਹਿਤਾ ਨੰਗਲ, ਸਰਕਾਰੀ ਮਿਡਲ ਸਕੂਲ ਮਹਿਤਾ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾਨਾਂਵਾਲਾ ਦੇ ਦੌਰੇ ਦੌਰਾਨ ਅਧਿਆਪਕਾਂ ਨੂੰ ਸਕੂਲ ਦੀਆਂ ਲੋੜਾਂ ਬਾਬਤ ਪੁੱਛਿਆ। ਇਸ ਦੌਰਾਨ ਉਨ੍ਹਾਂ ਸਕੂਲ ਵਿੱਚ ਪੜਦੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਪਿੰਡਾਂ ਦੇ ਮੋਹਤਬਰਾਂ ਕੋਲੋਂ ਸਰਕਾਰੀ ਸਿੱਖਿਆ ਢਾਂਚੇ ਨੂੰ ਬਿਹਤਰ ਬਨਾਉਣ ਵਾਸਤੇ ਸੁਝਾਅ ਲਏ। ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਸਿਹਤ ਅਤੇ ਸਿੱਖਿਆ ਹੈ, ਜਿਸ ਨੂੰ ਵਿਸ਼ਵ ਦਰਜੇ ਦਾ ਬਨਾਉਣ ਲਈ ਸਾਰੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਮੰਨਣਾ ਹੈ ਕਿ ਸੂਬੇ ਦਾ ਵਿਕਾਸ ਤਾਂ ਹੀ ਮੰਨਿਆ ਜਾ ਸਕਦਾ ਹੈ, ਜੇਕਰ ਸਾਡੇ ਸਾਰੇ ਨਾਗਰਿਕਾਂ ਨੂੰ ਸਿਹਤ ਅਤੇ ਸਿੱਖਿਆ ਲਈ ਕਿਸੇ ਅੱਗੇ ਤਰਲੇ ਨਾ ਕਰਨੇ ਪੈਣ। ਉਨ੍ਹਾਂ ਕਿਹਾ ਕਿ ਇਸ ਆਸ਼ੇ ਦੀ ਪੂਰਤੀ ਲਈ ਸਰਕਾਰ ਵੱਲੋਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਹਿਲੀ ਨਜ਼ਰ ਵਿੱਚ ਬਦਲਾਅ ਵੀ ਮਹਿਸੂਸ ਹੋਣ ਲੱਗਾ ਹੈ।
ਕਮਿਊਨਿਟੀ ਹੈਲਥ ਕੇਂਦਰ ਮਹਿਤਾ ਦੇ ਦੌਰੇ ਦੌਰਾਨ ਲੋਕਾਂ ਨੇ ਹਸਪਤਾਲ ਵਿੱਚ ਐਂਬੂਲੈਂਸ ਨਾ ਹੋਣ ਬਾਬਤ ਦਸਿਆ ਤਾਂ ਕੈਬਨਿਟ ਮੰਤਰੀ ਨੇ ਤਰੁੰਤ ਹਸਪਤਾਲ ਵਿੱਚ ਐਂਬੂਲੈਂਸ ਤਾਇਨਾਤ ਕਰਨ ਦੀ ਹਦਾਇਤ ਸਿਵਲ ਸਰਜਨ ਨੂੰ ਕੀਤੀ ਅਤੇ ਨਾਲ ਹੀ ਸਹੂਲਤ ਨੂੰ ਪੱਕੇ ਤੌਰ ਉੱਤੇ ਜਾਰੀ ਰੱਖਣ ਲਈ ਸਿਹਤ ਵਿਭਾਗ ਪੰਜਾਬ ਨੂੰ ਪੱਤਰ ਵੀ ਲਿਖਿਆ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀ ਸਿਹਤ ਸਾਡੀ ਪਹਿਲੀ ਜਿੰਮੇਵਾਰੀ ਹੈ ਅਤੇ ਸਰਕਾਰ ਇਸ ਜਿੰਮੇਵਾਰ ਉਤੇ ਪਹਿਰਾ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਡੀ ਸਰਕਾਰ ਹੈ ਅਤੇ ਤੁਹਾਡੇ ਹਿੱਤਾਂ ਲਈ ਕੰਮ ਕਰਨਾ ਸਾਡੀ ਡਿਊਟੀ ਹੈ।