ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਪੰਜਾਬ ਅੰਦਰ ਕੀਤਾ ਜਾਵੇਗਾ ਹੂ-ਬ-ਹੂ ਲਾਗੂ : ਕੁਲਵੰਤ ਸਿੰਘ
1 min readਮੋਹਾਲੀ, 10 ਫ਼ਰਵਰੀ, 2022: ਪੰਜਾਬ ਭਰ ਦੇ ਵਿੱਚ ਆਪ ਦੇ ਹੱਕ ਵਿੱਚ ਹਨੇਰੀ ਝੁੱਲ ਗਈ ਹੈ ਅਤੇ ਆਪ ਦਾ ਕਿਸੇ ਵੀ ਹੋਰ ਰਾਜਨੀਤਕ ਰਾਜਨੀਤਿਕ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਅਤੇ 20 ਫਰਵਰੀ ਨੂੰ ਪੰਜਾਬ ਦੇ ਲੋਕ ਵੱਡੀ ਗਿਣਤੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਆਪ ਦੀ ਸਰਕਾਰ ਬਣਾਉਣ ਜਾ ਰਹੇ ਹਨ।
ਇਹ ਗੱਲ ਮੁਹਾਲੀ ਤੋਂ ਆਪ ਦੇ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ ।
ਕੁਲਵੰਤ ਸਿੰਘ ਸੈਕਟਰ 79 ਸਥਿਤ ਆਪ ਦੇ ਮੁੱਖ ਦਫਤਰ ਵਿਖੇ ਮੁਹਾਲੀ ਸ਼ਹਿਰ ਦੇ ਵੱਖ -ਵੱਖ ਵਾਰਡਾਂ ਅਤੇ 6 ਤੋਂ ਵੀ ਵੱਧ ਪਿੰਡਾਂ ਦੇ ਕਾਂਗਰਸੀ ਅਤੇ ਹੋਰਨਾਂ ਰਾਜਨੀਤਕ ਪਾਰਟੀਆਂ ਦੇ ਟਕਸਾਲੀ ਵਰਕਰਾਂ ਨੂੰ ਆਪ ਵਿੱਚ ਸ਼ਾਮਲ ਕਰਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਦੇ ਰਹੇ ਸਨ ।
ਕੁਲਵੰਤ ਸਿੰਘ ਨੇ ਕਿਹਾ ਕਿ ਚੋਣਾਂ ਦੇ ਦਿਨਾਂ ਵਿੱਚ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਲੋਕ ਆਪ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾਂ ਦਾ ਇੱਜ਼ਤ ਮਾਣ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਪਾਰਟੀ ਵਿੱਚ ਉਨ੍ਹਾਂ ਨੂੰ ਢੁਕਵੀਂ ਨੁਮਾਇੰਦਗੀ ਵੀ ਦਿੱਤੀ ਜਾਵੇਗੀ। ਸਾਬਕਾ ਕਾਂਗਰਸੀ ਮੰਤਰੀ ਜਗਮੋਹਨ ਸਿੰਘ ਕੰਗ ਦੇ ਆਪ ਵਿੱਚ ਸ਼ਾਮਲ ਹੋਣ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਅਜਿਹੇ ਸਿਆਸੀ ਚਿਹਰੇ ਕਿਸੇ ਪਾਰਟੀ ਵਿਚ ਸ਼ਾਮਿਲ ਹੋਣ, ਤਾਂ ਉਸ ਪਾਰਟੀ ਨੂੰ ਸਿਆਸੀ ਫਾਇਦਾ ਪੁੱਜਣਾ ਸੁਭਾਵਕ ਹੈ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ – ਕਾਂਗਰਸ ਦੇ ਤਜਰਬੇਕਾਰ ਅਤੇ ਸਿਆਣੇ ਆਗੂ ਸਨ ਅਤੇ ਉਨ੍ਹਾਂ ਦਾ ਖਰੜ ਹੀ ਨਹੀਂ ਬਲਕਿ ਪੂਰੇ ਮੁਹਾਲੀ ਵਿਚ ਚੰਗਾ ਆਧਾਰ ਹੈ ਅਤੇ ਇਸ ਦਾ ਆਪ ਨੂੰ ਫਾਇਦਾ ਪੁੱਜੇਗਾ।
ਕੁਲਵੰਤ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਜਿਸ ਤਰ੍ਹਾਂ ਆਪਣੇ ਚੋਣ ਮੈਨੀਫੈਸਟੋ ਦੌਰਾਨ ਕੀਤੇ ਗਏ ਵਾਅਦੇ ਹੂਬਹੂ ਲਾਗੂ ਕੀਤੇ ਹਨ ਅਤੇ ਦਿੱਲੀ ਮਾਡਲ ਨੂੰ ਪੂਰੇ ਭਾਰਤ ਜਾਣਿਆ ਜਾ ਰਿਹਾ ਹੈ, ਇਸੇ ਤਰ੍ਹਾਂ ਪੰਜਾਬ ਦੇ ਅੰਦਰ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵੱਲੋਂ ਵੀ ਲਾਗੂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਆਪ ਦਾ ਪੂਰਾ ਧਿਆਨ ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ,ਬਿਜਲੀ, ਸਿਹਤ ਸੇਵਾਵਾਂ ਅਤੇ ਖ਼ਾਸ ਕਰਕੇ ਨੌਜਵਾਨ ਬੱਚਿਆਂ ਨੂੰ ਸਮੇਂ ਸਿਰ ਰੁਜ਼ਗਾਰ ਮੁਹੱਈਆ ਕਰਵਾਉਣਾ ਹੋਵੇਗਾ । ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਵਿਧਾਨ ਸਭਾ ਹਲਕੇ ਸਮੇਤ ਪੰਜਾਬ ਦੇ ਲੋਕੀਂ 20 ਫ਼ਰਵਰੀ ਤਰੀਕ ਦੀ ਬੜੀ ਹੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ, ਤਾਂ ਕਿ ਜਲਦੀ -ਜਲਦੀ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਦੀ ਸਰਕਾਰ ਹੋਂਦ ਵਿੱਚ ਲਿਆਂਦੀ ਜਾ ਸਕੇ ਤਾਂ ਜੋ ਲੋਕਰਾਜ ਸਥਾਪਤ ਹੋ ਸਕੇ ।