December 26, 2024

Chandigarh Headline

True-stories

ਕੋਵਿਡ-19 ਮਹਾਂਮਾਰੀ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ: ਭਗਵੰਤ ਮਾਨ

1 min read

ਚੰਡੀਗੜ੍ਹ, 27 ਅਪ੍ਰੈਲ, 2022: ਕੋਵਿਡ-19 ਦੀ ਨਵੀਂ ਲਹਿਰ ਦੇ ਵਧ ਰਹੇ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਸੂਬਾ ਪੂਰੀ ਤਰ੍ਹਾਂ ਤਿਆਰ ਹੈ।

ਕੋਵਿਡ-19 ਦੇ ਕੇਸਾਂ ਵਿੱਚ ਵਾਧੇ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁਲਾਈ ਗਈ ਮੁੱਖ ਮੰਤਰੀਆਂ ਦੀ ਵਰਚੁਅਲ ਮੀਟਿੰਗ ਵਿੱਚ ਸ਼ਿਰਕਤ ਕਰਦਿਆਂ ਭਗਵੰਤ ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਨੇ ਕੋਵਿਡ ਮਹਾਂਮਾਰੀ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਕਾਰਗਰ ਪ੍ਰਣਾਲੀ ਵਿਕਸਿਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਪਹਿਲਾਂ ਹੀ ਕੋਵਿਡ ਮਾਮਲਿਆਂ ਦੇ ਵਾਧੇ ਨਾਲ ਨਜਿੱਠਣ ਲਈ ਲੋੜੀਂਦੇ ਸਾਰੇ ਸਾਧਨ ਉਪਲਬਧ ਹਨ ਅਤੇ ਪੰਜਾਬ ਵਿੱਚ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼, ਜੋ ਕਿ ਅਸਲ ਕੋਰੋਨਾ ਯੋਧੇ ਹਨ, ਕੋਵਿਡ ਮਹਾਂਮਾਰੀ ਦੇ ਕਿਸੇ ਵੀ ਵਾਧੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਪੱਧਰ ਉਤੇ 87 ਫ਼ੀਸਦ ਦੇ ਮੁਕਾਬਲੇ ਸੂਬੇ ਦੀ 97 ਫ਼ੀਸਦ ਆਬਾਦੀ ਨੂੰ ਕੋਵਿਡ ਟੀਕਾਕਰਨ ਦੀ ਪਹਿਲੀ ਖੁਰਾਕ ਅਤੇ 76 ਫ਼ੀਸਦ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਮਹਾਂਮਾਰੀ ਦਾ ਸਾਹਮਣਾ ਕਰਨ ਲਈ 5.11 ਲੱਖ ਲੋਕਾਂ ਨੂੰ ਬੂਸਟਰ ਡੋਜ਼ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਵਿੱਚ ਬਹੁਤ ਘੱਟ ਕੇਸ (ਸਿਰਫ਼ 176 ਸਰਗਰਮ ਕੇਸ) ਹਨ ਅਤੇ ਰੋਜ਼ਾਨਾ ਔਸਤਨ 25 ਕੇਸ ਆ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕੋਈ ਮਰੀਜ਼ ਗੰਭੀਰ ਹਾਲਤ ਵਿੱਚ ਨਹੀਂ ਹੈ ਅਤੇ ਨਾ ਹੀ ਕੋਈ ਮਰੀਜ਼ ਆਈ.ਸੀ.ਯੂ. ਵਿੱਚ ਭਰਤੀ ਹੈ ਅਤੇ ਸੂਬੇ ਵਿੱਚ ਲੈਵਲ ਦੋ ਦੇ ਸਿਰਫ਼ 6 ਕੇਸ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਾਧਨਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੁਹਰਾਇਆ ਕਿ ਸੂਬਾ ਸਰਕਾਰ ਕੋਵਿਡ-19 ਦੀ ਸੰਭਾਵਿਤ ਚੌਥੀ ਜਾਂ ਅਗਲੀ ਲਹਿਰ ਨੂੰ ਰੋਕਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਪਾਬੰਦ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਵਿਡ ਸਥਿਤੀ ਉਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਪਹਿਲਾਂ ਹੀ ਲੋੜੀਂਦੀ ਗਿਣਤੀ ਵਿੱਚ ਬੈੱਡ ਉਪਲਬਧ ਹਨ ਅਤੇ ਸੂਬਾ ਕੋਵਿਡ ਕੇਸਾਂ ਵਿੱਚ ਵਾਧੇ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ 1236 ਬੈੱਡ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ 1450 ਬੈੱਡ ਅਤੇ ਸਰਕਾਰੀ ਮੈਡੀਕਲ ਕਾਲਜ, ਫਰੀਦਕੋਟ ਵਿਖੇ 1025 ਬੈੱਡ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਵਿਖੇ ਕ੍ਰਮਵਾਰ 360, 560 ਅਤੇ 400 ਆਕਸੀਜਨ ਬੈੱਡ ਮੌਜੂਦ ਹਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ ਵਿਚ 280 ਆਈ.ਸੀ.ਯੂ. ਬੈੱਡ ਹਨ ਅਤੇ ਪਟਿਆਲਾ ਵਿਚ ਅਜਿਹੇ 280 ਬੈੱਡ ਹਨ ਜਦਕਿ ਅੰਮ੍ਰਿਤਸਰ ਵਿਚ 165 ਕੋਵਿਡ ਵੈਂਟੀਲੇਟਰ ਬੈੱਡ, ਪਟਿਆਲਾ ਵਿਚ 96 ਅਤੇ ਫਰੀਦਕੋਟ ਵਿਚ 141 ਵੈਂਟੀਲੇਟਰ ਬੈੱਡ ਮੌਜੂਦ ਹਨ।

ਇਸ ਮੌਕੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..