ਜਿਲ੍ਹੇ ’ਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ
1 min readਐਸ.ਏ.ਐਸ.ਨਗਰ, 5 ਮਈ, 2022: ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਡਿਪਟੀ ਕਮਿਸ਼ਨਰ ,ਐਸ.ਏ.ਐਸ. ਨਗਰ ਵੱਲੋ ਗਠਿਤ ਕੀਤੀ ਗਈ ਜਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਦੌਰਾਨ ਇੰਟਰਨੈਸ਼ਨਲ ਪਬਲਿਕ ਸਕੂਲ ਕੁਰਾਲੀ ਦੀਆਂ 9 ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ 4 ਬੱਸਾਂ ਦੇ ਚਲਾਨ ਕੱਟੇ ਗਏ। ਜਿਸ ਵਿੱਚ 2 ਲੇਡੀ ਅਟੈਂਡੈਂਟ ਦਾ ਨਾ ਹੋਣਾ, ਐਮਰਜੈਂਸੀ ਐਗਸਿਟ ਦਾ ਨਾ ਹੋਣਾ ਅਤੇ ਐਕਸਪਾਇਰਡ ਫਸਟ-ਏਡ ਕਿੱਟ ਕਾਰਨ ਚਲਾਨ ਕੱਟੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਨਵਪ੍ਰੀਤ ਕੌਰ, ਜਿਲ੍ਹਾ ਬਾਲ ਸੁਰੱਖਿਆ ਅਫਸਰ ਐਸ.ਏ.ਐਸ. ਨਗਰ ਨੇ ਕਿਹਾ ਕਿ ਅੱਜ ਸੜਕ ਸੁਰੱਖਿਆ ਸਭ ਤੋਂ ਅਹਿਮ ਵਿਸ਼ਾ ਬਣਿਆ ਹੋਇਆ ਹੈ ਕਿਉਕਿ ਸੜਕ ਦੁਰਘਟਨਾਵਾਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਹੁੰਦਾਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਲ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਵਾਹਨ ਚਲਾਉਣ ਦੀ ਆਗਿਆ ਨਾ ਦੇਣ।
ਉਨ੍ਹਾਂ ਕਿਹਾ ਜਿਹੜੀਆਂ ਸਕੂਲੀ ਬੱਸਾ ਵਿੱਚ ਬੱਚੇ ਸਫਰ ਕਰ ਰਹੇ ਹਨ ਉਹ ਸੇਫ ਸਕੂਲ ਵਾਹਨ ਪਾਲਿਸੀ ਮੁਤਾਬਕ ਨਿਯਮਾਂ ਨੂੰ ਪੂਰਾ ਕਰਦੀਆਂ ਹੋਣ । ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਤੇ ਆਮ ਤੌਰ ਤੇ ਇਹ ਸਾਹਮਣੇ ਆਉਦਾ ਹੈ ਕਿ ਸਕੂਲ ਪ੍ਰਬੰਧਕ ਆਪਣੀਆਂ ਬੱਸਾਂ ਨੂੰ ਨਿਯਮਾਂ ਅਨੁਸਾਰ ਨਹੀ ਚਲਾ ਰਹੇ ਹਨ ਜਿਸ ਕਾਰਨ ਅਕਸਰ ਸਕੂਲ ਬੱਸਾਂ ਦੇ ਚਲਾਨ ਕੱਟਣੇ ਪੈ ਰਹੇ ਹਨ।
ਜਿਲ੍ਹਾ ਐਸ.ਏ ਐਸ. ਨਗਰ ਦੀ ਗਠਿਤ ਇੰਸਪੈਕਸ਼ਨ ਟੀਮ ਵਿੱਚੋਂ ਮਨਿੰਦਰ ਸਿੰਘ (ਸੋਸ਼ਲ ਵਰਕਰ), ਕਿਰਨਪਾਲ ਕੌਰ (ਕਾਊਂਸਲਰ), ਜਨਕ ਰਾਜ (ਇੰਚਾਰਜ ਟਰ੍ਰੈਫਿਕ ਐਜੂਕੇਸ਼ਨ), ਮੈਡਮ ਰਾਜ ਕੁਮਾਰੀ (ਆਰ. ਟੀ. ਓ. ਦਫਤਰ) ਦੁਆਰਾ ਬੱਸਾਂ ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਸੰਬੰਧੀ ਬੱਸਾਂ ਦੇ ਡਰਾਇਵਰਾਂ ਅਤੇ ਲੇਡੀ ਅਟੈਂਡੈਟ ਨੂੰ ਜਾਣੂ ਕਰਵਾਇਆ ਗਿਆ ਅਤੇ ਸਕੂਲ ਦੇ ਬੱਚਿਆਂ ਨੂੰ ਟਰੈਫਿਕ ਰੂਲਜ ਬਾਰੇ ਜਾਣਕਾਰੀ ਦਿੱਤੀ ਗਈ।