ਸਿਵਲ ਹਸਪਤਾਲ ਡੇਰਾਬੱਸੀ ਨੂੰ ਮਿਲੀ ਬਲੱਡ ਪ੍ਰੈਸ਼ਰ ਚੈੱਕ ਕਰਨ ਲਈ ਨਵੀਂ ਆਟੋਮੈਟਿਕ ਮਸ਼ੀਨ
1 min readਐਸ.ਏ.ਐਸ.ਨਗਰ/ਡੇਰਾਬਸੀ, 9 ਮਈ, 2022: ਸਿਹਤ ਵਿਭਾਗ ਡੇਰਾਬੱਸੀ ਵੱਲੋਂ ਆਮ ਲੋਕਾਂ ਦੀ ਸਿਹਤ ਸਹੂਲਤਾਂ ਪ੍ਰਤੀ ਸਮੇਂ ਸਮੇਂ ‘ਤੇ ਲੋੜੀਂਦੇ ਕਦਮ ਚੁੱਕੇ ਜਾਂਦੇ ਰਹਿੰਦੇ ਹਨ ਇਸੇ ਕੜੀ ਤਹਿਤ ਮਰੀਜ਼ ਦਾ ਬਲੱਡ ਪ੍ਰੈਸ਼ਰ ਚੈੱਕ ਕਰਨ ਲਈ ਇਕ ਅਤਿ-ਆਧੁਨਿਕ ਮਸ਼ੀਨ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲਿਆਂਦੀ ਗਈ ਹੈ। ਅੱਜ ਇਸ ਨਵੀਂ “ਆਰਮ ਇਨ ਆਟੋਮੈਟਿਕ ਮਸ਼ੀਨ” ਰਾਹੀਂ ਬਲੱਡ ਪ੍ਰੈਸ਼ਰ ਚੈੱਕ ਕਰਨ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਕੁਲਜੀਤ ਸਿੰਘ ਰੰਧਾਵਾ ਹਲਕਾ ਵਿਧਾਇਕਡੇਰਾਬੱਸੀ ਨੇ ਕੀਤਾ।
ਇਸ ਮੌਕੇ ਉਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਨਵੀਆਂ ਅਤਿ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਚੈੱਕ ਹੋਣਾ ਸਿਹਤ ਸੇਵਾਵਾਂ ਦੀ ਉਤੱਮਤਾ ਵੱਲ ਵੱਧਦਾ ਇਕ ਚੰਗਾ ਕਦਮ ਹੈ ਜਿਸ ਦਾ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਇਲਾਜ ਲਈ ਆਉਣ ਵਾਲੇ ਮਰੀਜਾਂ ਨੂੰ ਬਹੁਤ ਫ਼ਾਇਦਾ ਹੋਵੇਗਾ। ਉਨਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣਗੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਡੇਰਾਬੱਸੀ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਦੀ ਅਸਾਨੀ ਨਾਲ ਅਤੇ ਬਿਲਕੁਲ ਸਹੀ ਪੈਮਾਇਸ਼ ਕਰਨ ਵਿੱਚ ਇਹ ਮਸ਼ੀਨ ਬਹੁਤ ਸਹਾਈ ਸਿੱਧ ਹੋਏਗੀ। ਮਸ਼ੀਨ ਪੂਰੀ ਤਰ੍ਹਾਂ ਆਟੋਮੈਟਿਕ ਅਤੇ ਵਰਤੋਂ ਵਿੱਚ ਸੌਖੀ ਹੋਣ ਕਾਰਨ ਮਰੀਜ਼ ਖੁਦ ਹੀ ਇਸ ਨੂੰ ਚਲਾ ਸਕਦਾ ਹੈ। ਇਸ ਦੀ ਵਰਤੋਂ ਕਰਨ ਲਈ ਮਰੀਜ਼ ਇਸ ਮਸ਼ੀਨ ਅੰਦਰ ਬਾਂਹ ਪਾਏਗਾ ਤੇ ਉੱਪਰ ਦਿੱਤਾ ਹਰਾ ਬਟਨ ਦਬਾਉਣ ਨਾਲ ਹੀ ਮਸ਼ੀਨ ਚਾਲੂ ਹੋ ਕੇ ਬਲੱਡ ਪ੍ਰੈਸ਼ਰ ਮਾਪਣਾ ਸ਼ੁਰੂ ਕਰ ਦਏਗੀ। ਮਹਿਜ਼ ਕੁਝ ਸੈਕਿੰਡ ਵਿੱਚ ਹੀ ਮਸ਼ੀਨ ਆਪਣੀ ਕਾਰਵਾਈ ਪੂਰੀ ਕਰ ਦੇਵੇਗੀ ਤੇ ਮਰੀਜ਼ ਦਾ ਬਲੱਡ ਪ੍ਰੈਸ਼ਰ ਅਤੇ ਪਲਸ ਰੇਟ ਸਕ੍ਰੀਨ ਤੇ ਨਜ਼ਰ ਆਵੇਗਾ। ਇਸਦੇ ਨਾਲ ਹੀ ਇੱਕ ਪਰਚੀ ਬਾਹਰ ਆਏਗੀ ਜਿਸ ਤੇ ਬਲੱਡ ਪ੍ਰੈਸ਼ਰ ਅਤੇ ਪਲਸ ਰੇਟ ਦੇ ਨਾਲ ਨਾਲ ਮਿਤੀ ਅਤੇ ਸਮਾਂ ਵੀ ਲਿਖਿਆ ਹੋਏਗਾ। ਡਾ. ਸੰਗੀਤਾ ਜੈਨ ਨੇ ਇਹ ਮਸ਼ੀਨ ਮੁਹੱਈਆ ਕਰਵਾਉਣ ਲਈ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਡੇਰਾਬੱਸੀ ਲਈ ਇਹ ਮਸ਼ੀਨ ਬਹੁਤ ਮਦਦਗਾਰ ਸਾਬਿਤ ਹੋਏਗੀ। ਇਸ ਨਾਲ ਸਟਾਫ਼ ਅਤੇ ਮਰੀਜ਼ ਦੋਵਾਂ ਦਾ ਹੀ ਸਮਾਂ ਬਚੇਗਾ। ਇਸ ਮੌਕੇ ਰੰਧਾਵਾ ਨੇ ਵੀ ਇਸ ਮਸ਼ੀਨ ਰਾਹੀਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕੀਤਾ। ਡਾ. ਅਮਿਤਾ ਨੇ ਮਸ਼ੀਨ ਦੀ ਸਾਰੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ।