ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਨਵੇਂ ਕੇਂਦਰਾਂ ਤੋਂ ਮਿਲੇਗਾ ਕਾਫ਼ੀ ਲਾਭ : ਡਾ. ਆਦਰਸ਼ਪਾਲ ਕੌਰ
1 min readਐਸ.ਏ.ਐਸ ਨਗਰ, 18 ਮਈ, 2022: ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ 17 ਨਵੇਂ ਓ. ਓ. ਏ. ਟੀ. (ਆਊਟਪੇਸ਼ੰਟ ਓਪੀਆਡ ਅਸਿਸਟਡ ਟਰੀਟਮੈਂਟ) ਸੈਂਟਰ ਖੋਲ੍ਹ ਦਿਤੇ ਗਏ ਹਨ, ਜਿਸ ਨਾਲ ਹੁਣ ਜ਼ਿਲ੍ਹੇ ਵਿਚ ਓਟ ਸੈਂਟਰਾਂ ਦੀ ਕੁਲ ਗਿਣਤੀ 24 ਹੋ ਗਈ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਜ਼ਿਲ੍ਹਾ ਹਸਪਤਾਲ ਵਿਖੇ ਓਟ ਸੈਂਟਰ ਦਾ ਉਦਘਾਟਨ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 17 ਹੋਰ ਓਟ ਸੈਂਟਰ ਖੁਲ੍ਹਣ ਨਾਲ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਨੂੰ ਕਾਫ਼ੀ ਲਾਭ ਮਿਲੇਗਾ ਕਿਉਂਕਿ ਉਨ੍ਹਾਂ ਨੂੰ ਅਪਣੇ ਘਰ ਦੇ ਨੇੜੇ ਹੀ ਇਹ ਸਹੂਲਤ ਮਿਲਣ ਲੱਗ ਪਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰ ਸੈਕਟਰ 66 ਮੋਹਾਲੀ ਵਿਖੇ ਪਹਿਲਾਂ ਹੀ ਚੱਲ ਰਿਹਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਓ.ਪੀ.ਡੀ. ਆਧਾਰਤ ਇਨ੍ਹਾਂ ਕੇਂਦਰਾਂ ਵਿਚ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਸੈਂਟਰਾਂ ਦੀ ਖ਼ਾਸੀਅਤ ਇਹ ਹੈ ਕਿ ਅਫ਼ੀਮ, ਹੈਰੋਇਨ, ਸਮੈਕ, ਮੌਰਫ਼ੀਨ ਅਤੇ ਇਸ ਤੋਂ ਤਿਆਰ ਪਦਾਰਥਾਂ ਦਾ ਨਸ਼ਾ ਕਰਨ ਵਾਲਿਆਂ ਨੂੰ ਇਲਾਜ ਲਈ ਨਸ਼ਾ-ਛੁਡਾਊ ਕੇਂਦਰ ਵਿਚ ਦਾਖ਼ਲ ਹੋਣ ਦੀ ਲੋੜ ਨਹੀਂ। ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ ਇਨ੍ਹਾਂ ਕੇਂਦਰਾਂ ਵਿਚ ਰੋਜ਼ਾਨਾ ਆ ਕੇ ਇਲਾਜ ਕਰਵਾ ਸਕਦੇ ਹਨ ਅਤੇ ਘਰ ਜਾ ਸਕਦੇ ਹਨ।
ਓਪੀਡੀ ਆਧਾਰਤ ਇਹ 7 ਸੈਂਟਰ ਸੈਕਟਰ 66 ਮੋਹਾਲੀ ਦੇ ਸਰਕਾਰੀ ਨਸ਼ਾ-ਛੁਡਾਊ ਕੇਂਦਰ, ਖਰੜ, ਡੇਰਾਬੱਸੀ, ਲਾਲੜੂ, ਬਨੂੜ, ਕੁਰਾਲੀ ਅਤੇ ਢਕੋਲੀ ਦੇ ਸਰਕਾਰੀ ਹਸਪਤਾਲਾਂ ਵਿਚ ਪਹਿਲਾਂ ਹੀ ਚੱਲ ਰਹੇ ਸਨ। ਨਵੇਂ ਸੈਂਟਰ ਜ਼ਿਲ੍ਹਾ ਹਸਪਤਾਲ ਮੋਹਾਲੀ, ਸ਼ਹਿਰੀ ਮੁੱਢਲਾ ਸਿਹਤ ਕੇਂਦਰ ਫ਼ੇਜ਼ 1, ਫ਼ੇਜ਼ 7, ਫ਼ੇਜ਼ 11, ਸ਼ਹਿਰੀ ਮੁਢਲਾ ਸਿਹਤ ਕੇਂਦਰ ਮੁੰਡੀ ਖਰੜ, ਅੰਟਾਲਾ, ਮੁਢਲਾ ਸਿਹਤ ਕੇਂਦਰ ਬਸੌਲੀ, ਸ਼ਹਿਰੀ ਮੁਢਲਾ ਸਿਹਤ ਕੇਂਦਰ ਜ਼ੀਰਕਪੁਰ ਪ੍ਰੀਤ ਕਾਲੋਨੀ, ਬਲਟਾਣਾ, ਮੁਢਲਾ ਸਿਹਤ ਕੇਂਦਰ ਘੜੂੰਆਂ, ਮਜਾਤ, ਮੁੱਲਾਂਪੁਰ ਗ਼ਰੀਬਦਾਸ, ਚੰਦੋਂ, ਨਯਾਂਗਾਉਂ, ਮੁਢਲਾ ਸਿਹਤ ਕੇਂਦਰ ਬੂਥਗੜ੍ਹ, ਪਲਹੇੜੀ, ਖ਼ਿਜ਼ਰਾਬਾਦ ਵਿਖੇ ਖੋਲ੍ਹੇ ਗਏ ਹਨ।
ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਹ ਸੈਂਟਰ ਖੋਲ੍ਹਣ ਦਾ ਮਕਸਦ ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ਾਂ ਨੂੰ ਸੌਖਾ ਅਤੇ ਮੁਫ਼ਤ ਇਲਾਜ ਉਪਲਭਧ ਕਰਾਉਣਾ ਹੈ। ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰ ਅਤੇ ਹੋਰ ਸਟਾਫ਼ ਨੂੰ ਬਾਕਾਇਦਾ ਸਿਖਲਾਈ ਦਿਤੀ ਗਈ ਹੈ। ਡਾਕਟਰ ਮਰੀਜ਼ ਦਾ ਮੁਆਇਨਾ ਕਰਨ ਮਗਰੋਂ ਇਲਾਜ ਸ਼ੁਰੂ ਕਰਦਾ ਹੈ ਅਤੇ ਮੌਕੇ ’ਤੇ ਉਸ ਨੂੰ ਦਵਾਈ ਖਵਾਈ ਜਾਂਦੀ ਹੈ। ਇਹ ਸੈਂਟਰ ਹਰ ਰੋਜ਼ ਸਵੇਰੇ 8 ਵਜੇ ਤੋਂ 2 ਵਜੇ ਤਕ ਖੁਲ੍ਹਾ ਰਹਿੰਦਾ ਹੈ ਅਤੇ ਐਤਵਾਰ ਸਮੇਤ ਕਿਸੇ ਵੀ ਛੁੱਟੀ ਵਾਲੇ ਦਿਨ ਵੀ ਖੁਲ੍ਹਾ ਰਹਿੰਦਾ ਹੈ। ਮਰੀਜ਼ ਕਿਸੇ ਵੀ ਦਿਨ ਆ ਕੇ ਅਪਣਾ ਇਲਾਜ ਸ਼ੁਰੂ ਕਰਵਾ ਸਕਦੇ ਹਨ। ਮਰੀਜ਼ ਨੂੰ ਅਪਣਾ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾਲ ਲਿਆਉਣਾ ਪਵੇਗਾ। ਮਰੀਜ਼ ਦੀ ਇਕ ਵਾਰ ਰਜਿਸਟਰੇਸ਼ਨ ਹੁੰਦੀ ਹੈ ਅਤੇ ਉਹ ਰਜਿਸਟਰੇਸ਼ਨ ਨੰਬਰ ਵਿਖਾ ਕੇ ਕਿਸੇ ਵੀ ਅਜਿਹੇ ਸਰਕਾਰੀ ਕੇਂਦਰ ਤੋਂ ਦਵਾਈ ਲੈ ਸਕਦਾ ਹੈ। ਜੇ ਕੋਈ ਮਰੀਜ਼ ਦਾਖ਼ਲ ਹੋਣਾ ਚਾਹੁੰਦਾ ਹੈ ਤਾਂ ਉਹ ਸੈਕਟਰ 66 ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਵੀ ਹੋ ਸਕਦਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਜੇ ਭਗਤ, ਡਾ. ਐਚ.ਐਸ.ਚੀਮਾ, ਮਾਨਸਿਕ ਰੋਗਾਂ ਦੇ ਮਾਹਰ ਡਾ. ਗੁਰਮੁਖ ਸਿੰਘ, ਡਾ. ਬਬਨਦੀਪ ਕੌਰ, ਨਰਸਿੰਗ ਅਧਿਕਾਰੀ ਜਸਵਿੰਦਰ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ ਤੇ ਹੋਰ ਹਾਜ਼ਰ ਸਨ।