ਵਿਕਲਾਂਗਤਾ ਸਰਟੀਫ਼ੀਕੇਟ ਬਣਾਉਣ ਲਈ ਵਿਸ਼ੇਸ਼ ਕੈਂਪ 20 ਮਈ ਤੋਂ ਸਿਵਲ ਹਸਪਤਾਲ ਮੋਹਾਲੀ, ਡੇਰਾਬੱਸੀ ਅਤੇ ਖਰੜ ਵਿਖੇ ਲੱਗ ਰਹੇ ਹਨ ਵਿਸ਼ੇਸ਼ ਕੈਂਪ : ਡਾ. ਵਿਕਰਾਂਤ ਨਾਗਰਾ
1 min readਐਸ ਏ ਐਸ ਨਗਰ, 18 ਮਈ, 2022 : ਵੱਖ-ਵੱਖ ਤਰ੍ਹਾਂ ਦੀਆਂ ਵਿਕਲਾਂਗਤਾਵਾਂ ਨਾਲ ਜੂਝ ਰਹੇ ਵਿਅਕਤੀਆਂ ਦੇ ਸਰਟੀਫ਼ੀਕੇਟ ਬਣਾਉਣ ਲਈ ਜ਼ਿਲ੍ਹੇ ’ਚ ਵਿਸ਼ੇਸ਼ ਯੂ.ਡੀ.ਆਈ.ਡੀ. (ਯੂਨੀਕ ਡਿਸਏਬਲਟੀ ਆਈ ਡੀ) ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਵਿਭਾਗ ਦੇ ਯੂ.ਡੀ.ਆਈ.ਡੀ. ਨੋਡਲ ਅਫ਼ਸਰ ਡਾ. ਵਿਕਰਾਂਤ ਨਾਗਰਾ ਨੇ ਦਸਿਆ ਕਿ ਇਹ ਵਿਸ਼ੇਸ਼ ਕੈਂਪ ਮਿਤੀ 20, 21, 27 ਅਤੇ 28 ਮਈ ਨੂੰ ਜ਼ਿਲ੍ਹੇ ਦੀਆਂ ਤਿੰਨ ਸਰਕਾਰੀ ਸਿਹਤ ਸੰਸਥਾਵਾਂ-ਸਿਵਲ ਹਸਪਤਾਲ ਮੋਹਾਲੀ, ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਅਤੇ ਸਬ-ਡਵੀਜ਼ਨਲ ਹਸਪਤਾਲ ਖਰੜ ਵਿਖੇ ਲਗਾਏ ਜਾ ਰਹੇ ਹਨ। ਉਨ੍ਹਾਂ ਵੱਖ-ਵੱਖ ਵਿਕਲਾਂਗਤਾਵਾਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਅਪਣਾ ਆਧਾਰ ਕਾਰਡ ਜਾਂ ਕਿਸੇ ਹੋਰ ਪੱਕੇ ਪਛਾਣ ਪੱਤਰ ਨਾਲ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿਚ ਆ ਕੇ ਅਪਣਾ ਵਿਕਲਾਂਗਤਾ ਸਰਟੀਫ਼ੀਕੇਟ ਬਣਵਾ ਸਕਦੇ ਹਨ। ਇਹ ਸੇਵਾ ਬਿਲਕੁਲ ਮੁਫ਼ਤ ਹੋਵੇਗੀ। ਇਨ੍ਹਾਂ ਕੈਂਪਾਂ ਵਿਚ ਮਾਹਰ ਡਾਕਟਰ ਮੌਜੂਦ ਰਹਿਣਗੇ ਜਿਹੜੇ ਬਿਨੈਕਾਰ ਦਾ ਮੁਆਇਨਾ ਕਰ ਕੇ ਸਰਟੀਫ਼ੀਕੇਟ ਮੌਕੇ ’ਤੇ ਜਾਰੀ ਕਰਨਗੇ। ਉਨ੍ਹਾਂ ਜ਼ਿਲ੍ਹੇ ਦੇ ਸਬੰਧਤ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।