ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਗਈ ਅਚਨਚੇਤ ਚੈਕਿੰਗ
ਐਸ.ਏ.ਐਸ ਨਗਰ, 23 ਮਈ, 2022: ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਡਿਪਟੀ ਕਮਿਸ਼ਨਰ ,ਐਸ.ਏ.ਐਸ. ਨਗਰ ਵੱਲੋ ਗਠਿਤ ਕੀਤੀ ਗਈ ਜਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆ ਨਵਪ੍ਰੀਤ ਕੌਰ, ਜਿਲ੍ਹਾ ਬਾਲ ਸੁਰੱਖਿਆ ਅਫਸਰ ਐਸ.ਏ.ਐਸ. ਨਗਰ ਨੇ ਕਿਹਾ ਕਿ ਅੱਜ ਸੜਕ ਸੁਰੱਖਿਆ ਸਭ ਤੋ ਅਹਿਮ ਵਿਸ਼ਾ ਬਣਿਆ ਹੋਇਆ ਹੈ ਕਿਉਕਿ ਸੜਕ ਦੁਰਘਟਨਾਵਾਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਹੁੰਦਾਂ ਜਾ ਰਿਹਾ ਹੈ ਜ਼ੋ ਕਿ ਬਹੁਤ ਅਫਸੋਸ ਜਨਕ ਹੈ।
ਉਨ੍ਹਾਂ ਕਿਹਾ ਕਿ ਬਾਲ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਅਤੇ ਜਿਹੜੀਆਂ ਸਕੂਲੀ ਬੱਸਾ ਵਿੱਚ ਬੱਚੇ ਸਫਰ ਕਰ ਰਹੇ ਹਨ ਉਹ ਸੇਫ ਸਕੂਲ ਵਾਹਨ ਪਾਲਿਸੀ ਮੁਤਾਬਕ ਨਿਯਮਾਂ ਨੂੰ ਪੂਰਾ ਕਰਦੀਆਂ ਹੋਣ। ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਤੇ ਆਮ ਤੌਰ ਤੇ ਇਹ ਸਾਹਮਣੇ ਆਉਦਾ ਹੈ ਕਿ ਸਕੂਲ ਪ੍ਰਬੰਧਕ ਆਪਣੀਆਂ ਬੱਸਾਂ ਨੂੰ ਨਿਯਮਾਂ ਅਨੁਸਾਰ ਨਹੀ ਚਲਾ ਰਹੇ ਹਨ ਜਿਸ ਕਾਰਨ ਅਕਸਰ ਸਕੂਲ ਬੱਸਾਂ ਦੇ ਚਲਾਣ ਕੱਟਣੇ ਪੈ ਰਹੇ ਹਨ। ਜਿਲ੍ਹੇ ਦੀ ਗਠਿਤ ਇੰਸਪੈਕਸ਼ਨ ਟੀਮ ਵਿੱਚੋਂ ਜਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਸਟਾਫ ਅਤੇ ਮੈਡਮ ਰਾਜ ਕੁਮਾਰੀ ਆਰ. ਟੀ. ਓ. ਦਫਤਰ, ਜਨਕ ਰਾਜ ਇੰਚਾਰਜ ਟਰ੍ਰੈਫਿਕ ਐਜੂਕੇਸ਼ਨ, ਅਤੇ ਪਰਮਜੀਤ ਕੌਰ ਡੀ.ਈ.ਓ. ਐਲੀਮੈਂਟਰੀ ਦੁਆਰਾ ਐਨੀਜ਼ ਸਕੂਲ, ਖਰੜ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਐਨੀਜ਼ ਸਕੂਲ, ਖਰੜ ਦੀਆਂ ਮੌਕੇ ਤੇ ਮੌਜੂਦ 7 ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 4 ਬੱਸਾਂ ਦੇ 8 ਚਲਾਣ ਕੱਟੇ ਗਏ ਜਿਸ ਵਿੱਚੋ ਬਿਨਾਂ ਫਿਟਨੈੱਸ ਸਰਟੀਫੀਕੇਟ, ਸੀ.ਸੀ.ਟੀ.ਵੀ. ਕੈਮਰੇ ਦਾ ਨਾ ਹੋਣਾ ਅਤੇ ਸੀਟਾਂ ਦਾ ਪਾਲਿਸੀ ਅਨੁਸਾਰ ਨਾ ਹੋਣਾ ਕਾਰਨ ਚਲਾਣ ਕੱਟੇ ਗਏ।
ਇਸੇ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਸੰਬੰਧੀ ਬੱਸਾਂ ਦੇ ਡਰਾਇਵਰਾਂ ਅਤੇ ਲੇਡੀ ਅਟੈਂਡੈਟ ਨੂੰ ਜਨਕ ਰਾਜ ਏ.ਐਸ.ਆਈ ਇੰਚਾਰਜ ਟਰ੍ਰੈਫਿਕ ਐਜੂਕੇਸ਼ਨ ਨੇ ਜਾਣੂ ਕਰਵਾਇਆ ਗਿਆ ਅਤੇ ਸਕੂਲ ਦੇ ਬੱਚਿਆਂ ਨੂੰ ਟਰੈਫਿਕ ਰੂਲਜ ਬਾਰੇ ਜਾਣਕਾਰੀ ਦਿੱਤੀ ਗਈ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਦੁਆਰਾ ਦੱਸਿਆ ਗਿਆ ਕਿ ਇਹ ਚੈਕਿੰਗ ਲਗਾਤਾਰਤਾ ਵਿੱਚ ਕੀਤੀ ਜਾਵੇਗੀ ਸੋ ਸਕੂਲ ਪ੍ਰਬੰਧਕਾਂ ਦੁਆਰਾ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਦੀ ਪੂਰਨ ਤੌਰ ਤੇ ਪਾਲਣਾ ਕੀਤੀ ਜਾਵੇ।