December 21, 2024

Chandigarh Headline

True-stories

ਪੰਜਾਬ ਤੇ ਬਰਤਾਨੀਆ ਵੱਲੋਂ ਖੇਤਬਾੜੀ, ਆਈ.ਟੀ., ਫੂਡ ਪ੍ਰਾਸੈਸਿੰਗ, ਉਚੇਰੀ ਸਿੱਖਿਆ, ਖੇਡਾਂ, ਜਨਤਕ ਟਰਾਂਸਪੋਰਟ ਤੇ ਬਾਇਓਮਾਸ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਸਹਿਮਤੀ

ਚੰਡੀਗੜ੍ਹ, 26 ਮਈ, 2022: ਪੰਜਾਬ ਤੇ ਬਰਤਾਨੀਆ ਨੇ ਅੱਜ ਖੇਤੀਬਾੜੀ, ਸੂਚਨਾ ਤੇ ਤਕਨਾਲੋਜੀ (ਆਈ.ਟੀ.), ਫੂਡ ਪ੍ਰਾਸੈਸਿੰਗ, ਉਚੇਰੀ ਸਿੱਖਿਆ, ਖੇਡਾਂ, ਜਨਤਕ ਟਰਾਂਸਪੋਰਟ (ਇਲੈਕਟ੍ਰਿਕ ਬੱਸਾਂ) ਅਤੇ ਬਾਇਓਮਾਸ ਵਰਗੇ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣ ਦੀ ਸਹਿਮਤੀ ਦਿੱਤੀ।

ਇਸ ਸਬੰਧੀ ਫੈਸਲਾ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਬਰਤਾਨੀਆ ਦੇ ਹਾਈ ਕਮਿਸ਼ਨਰ ਐਲਕਸ ਏਲਿਸ ਦੀ ਮੁੱਖ ਮੰਤਰੀ ਦੇ ਸਰਕਾਰੀ ਆਵਾਸ ਵਿਖੇ ਹੋਈ ਮੁਲਾਕਾਤ ਦੌਰਾਨ ਲਿਆ ਗਿਆ।

ਮੀਟਿੰਗ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਪੰਜਾਬ ਤੇ ਬਰਤਾਨੀਆ ਵਿਚਕਾਰ ਸਹਿਯੋਗ ਦੀਆਂ ਵਿਆਪਕ ਸੰਭਾਵਨਾਵਾਂ ਹੋਣ ਉਤੇ ਸਹਿਮਤੀ ਬਣੀ। ਮੁੱਖ ਮੰਤਰੀ ਨੇ ਕਿਹਾ ਕਿ ਮਿਹਨਤਕਸ਼ ਪੰਜਾਬੀਆਂ ਨੇ ਆਪਣੀ ਸਖ਼ਤ ਘਾਲਣਾ ਨਾਲ ਪਹਿਲਾਂ ਹੀ ਇਨ੍ਹਾਂ ਖੇਤਰਾਂ ਵਿੱਚ ਆਪਣੀ ਪਛਾਣ ਬਣਾਈ ਹੈ ਪਰ ਬਰਤਾਨੀਆ ਕੋਲ ਮੌਜੂਦ ਆਧੁਨਿਕ ਤਕਨਾਲੋਜੀ ਇਨ੍ਹਾਂ ਖੇਤਰਾਂ ਵਿੱਚ ਸਾਡੀ ਛੁਪੀ ਹੋਈ ਪ੍ਰਤਿਭਾ ਨੂੰ ਹੋਰ ਉਜਾਗਰ ਕਰਨ ਵਿੱਚ ਮਦਦਗਾਰ ਹੋਵੇਗੀ।

ਸੂਬੇ ਵਿੱਚ ਬਰਤਾਨਵੀ ਨਿਵੇਸ਼ਕਾਂ ਦਾ ਸਵਾਗਤ ਹੋਣ ਦੀ ਗੱਲ ਆਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਕਰਨ ਦੇ ਇੱਛੁਕ ਨਿਵੇਸ਼ਕਾਂ ਨੂੰ ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਆਨਲਾਈਨ ਸਿਸਟਮ ਨਾਲ ਮਿਲਣੀਆਂ ਯਕੀਨੀ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਗੱਲ ਯਕੀਨੀ ਬਣਾਏਗੀ ਕਿ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਬਰਤਾਨੀਆ ਦੇ ਵੱਡੀ ਗਿਣਤੀ ਸੰਭਾਵੀ ਨਿਵੇਸ਼ਕਾਂ ਦੇ ਸੰਪਰਕ ਵਿੱਚ ਹਨ, ਜਿਹੜੇ ਪੰਜਾਬ ਵਿੱਚ ਨਿਵੇਸ਼ ਕਰਨ ਦੇ ਪੱਖ ਵਿੱਚ ਹਨ।

ਲੰਡਨ ਦੇ ਹੀਥਰੋ ਹਵਾਈ ਅੱਡੇ ਤੇ ਚੰਡੀਗੜ੍ਹ ਵਿਚਾਲੇ ਸਿੱਧੀ ਉਡਾਣ ਹੋਣ ਦਾ ਮੁੱਦਾ ਚੁੱਕਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਖ਼ਾਸ ਤੌਰ ਉਤੇ ਪੰਜਾਬ ਅਤੇ ਨਾਲ ਲਗਦੇ ਤਕਰੀਬਨ ਪੰਜ ਰਾਜਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉਡਾਣ ਪੰਜਾਬੀਆਂ ਲਈ ਪੱਛਮ ਦੇ ਦੁਆਰ ਵਜੋਂ ਕੰਮ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਕਈ ਏਅਰਲਾਈਨਾਂ ਦੇ ਪ੍ਰਬੰਧਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਇਕ ਵਾਰ ਮਨਜ਼ੂਰੀ ਮਿਲਣ ਦੀ ਦੇਰ ਹੈ, ਇੱਥੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ।

ਬਰਤਾਨੀਆ ਦੇ ਹਾਈ ਕਮਿਸ਼ਨਰ ਨੇ ਇਸ ਸਬੰਧੀ ਹਰ ਸੰਭਵ ਸਹਿਯੋਗ ਦਾ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਬਰਤਾਨੀਆ ਇਨ੍ਹਾਂ ਮੁੱਖ ਖੇਤਰਾਂ ਵਿੱਚ ਪੰਜਾਬ ਵਿੱਚ ਨਿਵੇਸ਼ ਕਰਨ ਲਈ ਦ੍ਰਿੜ੍ਹ ਸੰਕਲਪ ਹੈ। ਏਲਿਸ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਨੂੰ ਬਿਲਕੁੱਲ ਬਰਦਾਸ਼ਤ ਨਾ ਕਰਨ ਦੀ ਨੀਤੀ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਨਿਵੇਸ਼ਕਾਂ ਦਾ ਭਰੋਸਾ ਵਧਾਉਣ ਵਿੱਚ ਮਦਦ ਮਿਲੇਗੀ।

ਬਰਤਾਨੀਆ ਦੇ ਹਾਈ ਕਮਿਸ਼ਨਰ ਨਾਲ ਮੀਟਿੰਗ ਲਈ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੈੱਟ ਅਤੇ ਟਰੇਡ ਕਮਿਸ਼ਨਰ (ਦੱਖਣੀ ਏਸ਼ੀਆ) ਐਲਨ ਗੈਮੇਲ ਵੀ ਪੁੱਜੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਸੀ.ਈ.ਓ. ਇਨਵੈਸਟ ਪੰਜਾਬ ਕੇ.ਕੇ. ਯਾਦਵ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..