ਗੁਰਦੁਆਰਿਆਂ ਦੀਆਂ ਸਰਾਵਾਂ ਤੇ ਜੀਐਸਟੀ ਲਾਗੂ ਨਹੀਂ: ਵਿਕਰਮਜੀਤ ਸਿੰਘ ਸਾਹਨੀ
1 min readਅੰਮ੍ਰਿਤਸਰ, 5 ਅਗਸਤ, 2022: ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਤ ਮੰਤਰਾਲੇ ਅਤੇ ਸੈਂਟਰਲ ਬੋਰਡ ਆਫ ਇੰਨਡਾਇਰੈਕਟ ਟੈਕਸਿਸ ਅਤੇ ਕਸਟਮਸ ਨੇ ਸਪੱਸ਼ਟ ਕੀਤਾ ਹੈ ਕਿ ਐਸਜੀਪੀਸੀ ਦੇ ਗੁਰਦੁਆਰਿਆਂ ਦੀ ਮਲਕੀਅਤ ਤੋਂ ਬਾਹਰ ਵੀ ਸਰਾਵਾਂ ਅਤੇ ਹੋਰ ਧਾਰਮਿਕ ਸੰਸਥਾਵਾਂ, ਚੈਰੀਟੇਬਲ ਟਰੱਸਟ ਅਤੇ ਸੁਸਾਇਟੀਆਂ ’ਤੇ ਕੋਈ ਜੀਐਸਟੀ ਲਾਗੂ ਨਹੀਂ ਹੋਵੇਗਾ।
ਸਾਹਨੀ ਨੇ ਇਹ ਵੀ ਦੱਸਿਆ ਕਿ ਇਹ ਸਰਾਵਾਂ ਆਲੇ-ਦੁਆਲੇ ਦੇ ਗੁਰਦੁਆਰਿਆਂ ਦੀ ਚਾਰਦੀਵਾਰੀ ਤੋਂ ਬਾਹਰ ਹੋ ਸਕਦੀਆਂ ਹਨ। ਇਹ ਮਾਮਲਾ ਸਾਹਨੀ ਨੇ ਸੰਸਦ ਦੇ ਸਿਫ਼ਰ ਕਾਲ ਵਿੱਚ ਚੁੱਕਿਆ ਸੀ।
ਸਾਹਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧਿਤ ਸਰਾਵਾਂ ਨੂੰ ਕੋਈ ਜੀਐਸਟੀ ਅਦਾ ਕਰਨ ਦੀ ਲੋੜ ਨਹੀਂ ਹੈ। ਸਾਹਨੀ ਨੇ ਅੱਗੇ ਦੱਸਿਆ ਕਿ ਭਾਵੇਂ ਲੰਗਰ ਦੀ ਖਰੀਦ ਨੂੰ ਜੀਐਸਟੀ ਤੋਂ ਛੋਟ ਦਿੱਤੀ ਗਈ ਹੈ, ਐਸਜੀਪੀਸੀ ਅਤੇ ਹੋਰ ਗੁਰਦੁਆਰਿਆਂ ਨੂੰ ਪਹਿਲਾਂ ਜੀਐਸਟੀ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਫਿਰ ਭਰਪਾਈ ਦਾ ਦਾਅਵਾ ਕਰਨਾ ਪੈਂਦਾ ਹੈ।
ਸਾਹਨੀ ਨੇ ਮੰਗ ਕੀਤੀ ਕਿ ਸਰਕਾਰ ਐਸਜੀਪੀਸੀ ਨੂੰ ਬਕਾਇਆ ਪਏ ਸਾਰੇ ਜੀਐਸਟੀ ਦੇ 4 ਕਰੋੜ ਰੁਪਏ ਜਾਰੀ ਕਰੇ ।
ਸਾਹਨੀ ਨੇ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਦਾ ਸਰਾਵਾਂ ਦੇ ਮੁੱਦੇ ’ਤੇ ਜੀਐਸਟੀ ਬਾਰੇ ਸਪੱਸ਼ਟੀਕਰਨ ਦੇਣ ਲਈ ਧੰਨਵਾਦ ਕੀਤਾ।