December 26, 2024

Chandigarh Headline

True-stories

ਪਹਿਲੀ ਵਾਰ ਇਕ ਸਤੰਬਰ ਤੋਂ 51 ਲੱਖ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ: ਮਾਨ

1 min read

ਬਿਆਸ, 12 ਅਗਸਤ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਦੀ ਲੋਕ ਪੱਖੀ ਪਹੁੰਚ ਸਦਕਾ ਇਕ ਸਤੰਬਰ ਤੋਂ ਸੂਬੇ ਦੇ ਕੁੱਲ 74 ਲੱਖ ਪਰਿਵਾਰਾਂ ਵਿੱਚੋਂ 51 ਲੱਖ ਪਰਿਵਾਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਵੇਗਾ।

ਅੱਜ ਇੱਥੇ 66 ਕੇ.ਵੀ. ਬੁਟਾਰੀ-ਬਿਆਸ ਲਾਈਨ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਦੀ ਸਰਕਾਰ ਨੇ ਵੱਡੀ ਪਹਿਲਕਦਮੀ ਕਰਦਿਆਂ ਸਮਾਜ ਦੇ ਹਰੇਕ ਵਰਗ ਨੂੰ ਹਰੇਕ ਬਿੱਲ ਉਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਬੇਮਿਸਾਲ ਲੋਕ ਪੱਖੀ ਪਹਿਲਕਦਮੀ ਕਾਰਨ ਸਤੰਬਰ ਦੇ ਮਹੀਨੇ ਵਿੱਚ ਕੁੱਲ 74 ਲੱਖ ਪਰਿਵਾਰਾਂ ਵਿੱਚੋਂ 51 ਲੱਖ ਪਰਿਵਾਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਵੇਗਾ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਠੰਢ ਦੇ ਮੌਸਮ ਵਿਚ ਘਰਾਂ ਵਿਚ ਬਿਜਲੀ ਦੀ ਖਪਤ ਵੀ ਘਟ ਜਾਂਦੀ ਹੈ ਜਿਸ ਕਰਕੇ ਨਵੰਬਰ ਤੇ ਦਸਬੰਰ ਦਾ ਜਿਹੜਾ ਬਿੱਲ ਜਨਵਰੀ ਮਹੀਨੇ ਵਿੱਚ ਆਵੇਗਾ, ਉਸ ਨਾਲ ਲਗਪਗ 68 ਲੱਖ ਪਰਿਵਾਰਾਂ ਨੂੰ ਜ਼ੀਰੋ ਬਿੱਲ ਆਵੇਗਾ, ਜੋ ਕਿ ਸੂਬੇ ਦੇ ਕੁੱਲ ਘਰਾਂ ਦਾ ਲਗਪਗ 90 ਫੀਸਦੀ ਹੋਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਨਿਰਵਿਘਨ ਅਤੇ ਵਾਧੂ ਬਿਜਲੀ ਮਿਲ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਨਾ ਤਾਂ ਕਿਸਾਨਾਂ ਲਈ ਕੋਈ ਬਿਜਲੀ ਕੱਟ ਲੱਗਾ ਅਤੇ ਨਾ ਹੀ ਆਮ ਲੋਕਾਂ ਲਈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਕਈ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਦੇ 70 ਪਿੰਡਾਂ ਨੂੰ ਨਿਰੰਤਰ ਬਿਜਲੀ ਦੇਣ ਲਈ ਇਸ ਮਹੱਤਵਪੂਰਨ ਲਾਈਨ ਦਾ ਕੰਮ ਪਿਛਲੇ ਇਕ ਦਹਾਕੇ ਤੋਂ ਲਟਕ ਰਿਹਾ ਸੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਅਧਿਕਾਰੀਆਂ ਨੂੰ ਅਜਿਹੇ ਸਾਰੇ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ਉਤੇ ਪੂਰੇ ਕਰਨ ਦੇ ਆਦੇਸ਼ ਦਿੱਤੇ ਸਨ।

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਕੁੱਲ 4.40 ਕਰੋੜ ਰੁਪਏ ਖਰਚ ਆਏ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ 2 ਲੱਖ ਤੋਂ ਵੱਧ ਖਪਤਕਾਰਾਂ ਨੂੰ ਲਾਭ ਹੋਵੇਗਾ, ਜਿਨ੍ਹਾਂ ਨੂੰ ਹੁਣ ਤੋਂ ਬਿਜਲੀ ਕੱਟਾਂ ਜਾਂ ਓਵਰਲੋਡਿੰਗ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਚਾਰ ਪਾਵਰ ਸਟੇਸ਼ਨ 66 ਕੇ.ਵੀ. ਲਿੱਦੜ, 66 ਕੇ.ਵੀ. ਬਿਆਸ, 66 ਕੇ.ਵੀ. ਬੁਟਾਲਾ ਅਤੇ 66 ਕੇ.ਵੀ. ਸਠਿਆਲਾ ਇਸ ਪ੍ਰਾਜੈਕਟ ਨਾਲ ਜੁੜੇ ਹੋਏ ਹਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..