ਦੇਸ਼ ਦੀ ਸੁਰੱਖਿਆ, ਪੰਜਾਬ ਦਾ ਭਵਿੱਖ ਮੁੱਖ ਤਰਜੀਹ : ਕੈਪਟਨ ਅਮਰਿੰਦਰ ਸਿੰਘ
ਜਲੰਧਰ, 14 ਫਰਵਰੀ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ, ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਪੰਜਾਬ ਦਾ ਭਵਿੱਖ ਬਚਾਉਣਾ ਉਨ੍ਹਾ ਲਈ ਸੂਬੇ ਦੀਆਂ ਪ੍ਰਮੁੱਖ ਤਰਜੀਹਾਂ ਹਨ।
ਕਾਂਗਰਸੀ ਲੀਡਰਾਂ ਵਲੋਂ ਓਹਨਾਂ ਖ਼ਿਲਾਫ਼ ਭਾਜਪਾ ਨਾਲ ਸੰਬੰਧਾਂ ਨੂੰ ਲੈਕੇ ਕੀਤੀ ਟਿੱਪਣੀ ‘ਤੇ ਆਪਣੇ ਅੰਦਾਜ਼ ਵਿੱਚ ਤਨਜ਼ ਕੱਸਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅੱਜ ਇੱਥੇ ਜਨਤਕ ਰੈਲੀ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ, ਜਿਸ ਦਾ ਭਾਰਤ ਨਾਲ ਹਮੇਸ਼ਾ ਹੀ ਦੁਸ਼ਮਣ ਵਾਲਾ ਰਵੱਈਆ ਰਿਹਾ ਹੈ, ਨਾਲ ਪੰਜਾਬ ਦੀ 600 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ। ਓਹਨਾਂ ਕਿਹਾ ਕੇ ਹਾਲ ਵਿੱਚ ਪਾਕਿਸਤਾਨ, ਤਾਲਿਬਾਨ ਅਤੇ ਚੀਨ ਦਾ ਸਾਂਝਾ ਗੱਠਜੋੜ ਭਾਰਤ ਲਈ ਨਵੀ ਚੁਣੌਤੀ ਬਣ ਰਿਹਾ ਹੈ।
ਇਸ ਦੇ ਨਾਲ਼ ਹੀ, ਓਹਨਾਂ ਕਿਹਾ ਕਿ, ਪੰਜਾਬ ਜੋ ਪੰਜ ਲੱਖ ਕਰੋੜ ਰੁਪਏ ਦੇ ਕਰਜ਼ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ ਜਿਸ ਵਿਚੋਂ ਚਾਰ ਲੱਖ ਕਰੋੜ ਤਾਂ ਸਿਰਫ਼ ਸਰਕਾਰ ਦਾ ਕਰਜ਼ਾ ਹੈ ਅਤੇ ਬਾਕੀ ਇੱਕ ਲੱਖ ਕਰੋੜ ਵੱਖ ਵੱਖ ਨਿਗਮਾਂ ਦਾ ਸਰਕਾਰੀ ਗਾਰੰਟੀਸ਼ੁਦਾ ਕਰਜ਼ ਹੈ।
ਓਹਨਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਪੰਜਾਬ ਨੂੰ ਇੱਕ ਮਜ਼ਬੂਤ ਅਤੇ ਟਿਕਾਊ ਸਰਕਾਰ ਦੀ ਲੋੜ ਹੈ ਜੋ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਓਹਨਾਂ ਨੇ ਕੇਂਦਰ ਦੀ ਪੂਰੀ ਮਦਦ ਨਾਲ ਕੰਮ ਕੀਤਾ।
ਕਾਂਗਰਸੀ ਲੀਡਰਾਂ ਵਲੋਂ ਓਹਨਾਂ ਖ਼ਿਲਾਫ਼ ਭਾਜਪਾ ਨਾਲ ਸੰਬੰਧਾਂ ਨੂੰ ਲੈਕੇ ਕੀਤੀ ਬਿਆਨਬਾਜ਼ੀ ਦੇ ਜਵਾਬ ਵਿੱਚ ਤਿੱਖਾ ਹਮਲਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ “ਹਾਂ ਮੇਰੇ ਭਾਜਪਾਈਆਂ ਨਾਲ ਚੰਗੇ ਸਬੰਧ ਰਹੇ ਹਨ ਅਤੇ ਉਹ (ਕਾਂਗਰਸੀ ਆਗੂ) ਜੋ ਬੋਲਦੇ ਨੇ ਬੋਲੀ ਜਾਣ, ਮੈਨੂੰ ਓਹਨਾਂ ਦੀ ਕੋਈ ਪ੍ਰਵਾਹ ਨਹੀਂ”।