ਪੰਜਾਬ ਅਤੇ ਬੱਚਿਆਂ ਦੇ ਭਵਿੱਖ ਲਈ ‘ਆਪ’ ਦੀ ਇਮਾਨਦਾਰ ਸਰਕਾਰ ਬਣਾਉਣ ਪੰਜਾਬ ਵਾਸੀ: ਅਰਵਿੰਦ ਕੇਜਰੀਵਾਲ
1 min readਫਗਵਾੜਾ (ਕਪੂਰਥਲਾ), 14 ਫਰਵਰੀ, 2022: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਲਈ ਵਿਧਾਨ ਸਭਾ ਹਲਕਾ ਫਗਵਾੜਾ ਵਿਖੇ ਚੋਣ ਪ੍ਰਚਾਰ ਕੀਤਾ। ਇੱਥੇ ਚੋਣ ਮਾਰਚ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਲੋਕਾਂ ਨੂੰ ਪੰਜਾਬ ਦੇ ਭਵਿੱਖ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਅਰਵਿੰਦ ਕੇਜਰੀਵਾਲ ਨੇ ਜੋਗਿੰਦਰ ਸਿੰਘ ਮਾਨ ਲਈ ਸ਼ਹਿਰ ਫਗਵਾੜਾ ਵਿੱਚ ਚੋਣ ਮਾਰਚ ਕੀਤਾ। ਉਨ੍ਹਾਂ ਦੇ ਗਾਂਧੀ ਚੌਂਕ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣੀ ਇੱਕ ਇੱਕ ਵੋਟ ‘ਝਾੜੂ’ ਦੇ ਨਿਸ਼ਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋਗਿੰਦਰ ਸਿੰਘ ਮਾਨ ਨੂੰ ਪਾਈ ਗਈ ਹਰ ਵੋਟ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਜਾਵੇਗੀ, ਜਿਸ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।
ਕੇਜਰੀਵਾਲ ਨੇ ਵਾਅਦਾ ਕੀਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਹਰ ਘਰ ਵਿੱਚ 7 ਲੱਖ ਰੁਪਏ ਦੀ ਬੱਚਤ ਹੋਵੇਗੀ। ‘ਆਪ’ ਦੀ ਸਰਕਾਰ ਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ ਸਕੂਲ ਚੰਗੇ ਬਣਾਏਗੀ, ਬਿਜਲੀ ਸਸਤੀ ਕਰੇਗੀ, ਇਲਾਜ ਮੁਫ਼ਤ ਕਰੇਗੀ ਅਤੇ ਪਾਣੀ ਮੁੱਫਤ ਦੇਵੇਗੀ। ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ ਅਤੇ ਮਾਫੀਆ ਦਾ ਸਫਾਇਆ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਣੇ ਹਨ, ਜਦੋਂ ਲੋਕ 7 ਲੱਖ ਰੁਪਏ ਦੀ ਬੱਚਤ ਹੋਣ ਦੀ ਗੱਲ ਸਮਝ ਜਾਂਦੇ ਹਨ ਤਾਂ ਉਹ ਹੋਰਨਾਂ ਪਾਰਟੀਆਂ ਕੋਲੋਂ 2000-2000 ਰੁਪਏ ਲੈਣ ਤੋਂ ਇਨਕਾਰ ਕਰ ਦਿੰਦੇ ਹਨ।
ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਇੱਕ ਲੜਕੇ ਨੂੰ ਪੁੱਛਿਆ ਸੀ ਕਿ ਜੇ ਦੂਜੀਆਂ ਪਾਰਟੀਆਂ ਵਾਲੇ ਉਸ ਨੂੰ ਪੈਸੇ ਦੇਣਗੇ ਤਾਂ ਵੋਟ ਕਿਸ ਨੂੰ ਪਾਵੇਗਾ ਤਾਂ ਲੜਕੇ ਨੇ ਜਵਾਬ ਦਿੱਤਾ ਸੀ ਕਿ ਉਹ ਪੈਸੇ ਹੋਰਨਾਂ ਤੋਂ ਲੈ ਲਵੇਗਾ, ਪਰ ਵੋਟ ‘ਝਾੜੂ’ ਨੂੰ ਹੀ ਪਾਵੇਗਾ।
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਪੱਕੀ ਹੈ, ਕਿਉਂਕਿ ਟੀ.ਵੀ. ਚੈਨਲ ਵਾਲੇ ਵੀ ਆਪਣੇ ਸਰਵਿਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ 65 ਸੀਟਾਂ ਜਿੱਤਣ ਦੀ ਗੱਲ ਆਖਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਾਂ ਪੰਜਾਬ ਵਿੱਚ ਇੱਕ ਮਜ਼ਬੂਤ ਅਤੇ ਇਮਾਨਦਾਰ ਸਰਕਾਰ ਬਣਾਉਣੀ ਹੈ। ਇਸ ਲਈ ਕੇਵਲ 65 ਸੀਟਾਂ ਨਹੀਂ ਸਗੋਂ 80 ਸੀਟਾਂ ਜਿੱਤਣੀਆਂ ਹਨ। ਇਸ ਲਈ ਹਰੇਕ ਵੋਟਰ ਆਪਣੀ ਵੋਟ ‘ਝਾੜੂ’ ਨੂੰ ਪਾਵੇ ਅਤੇ ਆਪਣੇ ਰਿਸਤੇਦਾਰਾਂ, ਦੋਸਤਾਂ ਨੂੰ ਵੀ ‘ਝਾੜੂ’ ਨੂੰ ਵੋਟ ਪਾਉਣ ਦੀ ਅਪੀਲ ਕਰਨ।
ਇਸ ਮੌਕੇ ਫਗਵਾੜਾ ਤੋਂ ਉਮੀਦਵਾਰ ਜੋਗਿੰਦਰ ਸਿੰਘ ਮਾਨ ਨੇ ਕੇਜਰੀਵਾਲ ਤੋਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪਹਿਲਾਂ ਕੰਮ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਕੀਤਾ ਜਾਵੇ। ਉਨ੍ਹਾਂ ਕੇਜਰੀਵਾਲ ਦਾ ਫਗਵਾੜਾ ਵਿਖੇ ਚੋਣ ਪ੍ਰਚਾਰ ਲਈ ਆਉਣ ‘ਤੇ ਧੰਨਵਾਦ ਕੀਤਾ।