December 22, 2024

Chandigarh Headline

True-stories

ਪੰਜਾਬ ਦੀ ਮਿੱਟੀ ਵੇਚਣ ਵਾਲਿਆਂ ਨੂੰ ‘ਆਪ’ ਦੀ ਸਰਕਾਰ ਭੇਜੇਗੀ ਜੇਲ੍ਹ : ਰਾਘਵ ਚੱਢਾ

ਚਮਕੌਰ ਸਾਹਿਬ, 15 ਫਰਵਰੀ 2022: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਅਸੀਂ ਵੋਟਾਂ ਮੰਗਣ ਨਹੀਂ ਸਗੋਂ ਮੌਕਾ ਮੰਗਣ ਆਏ ਹਾਂ। ਅਸੀਂ ਆਮ ਆਦਮੀ ਪਾਰਟੀ ਅਤੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਨਹੀਂ ਆਏ। ਅਸੀਂ ਪੰਜਾਬ ਨੂੰ ਬਚਾਉਣ ਦਾ ਮੌਕਾ ਮੰਗਣ ਆਏ ਹਾਂ। ਪੰਜਾਬ ‘ਤੇ ਅਕਾਲੀ ਦਲ ਅਤੇ ਕਾਂਗਰਸ ਨੇ 50 ਸਾਲ ਰਾਜ ਕੀਤਾ ਹੈ। ਇਨਾਂ 50 ਸਾਲਾਂ ਵਿੱਚ ਪੰਜਾਬ ਵਿੱਚ 26 ਸਾਲ ਕਾਂਗਰਸ ਅਤੇ 24 ਸਾਲ ਅਕਾਲੀ ਦਲ ਦਾ ਰਾਜ ਰਿਹਾ। ਦੋਵੇਂ ਪਾਰਟੀਆਂ ਨੇ ਪੰਜਾਬ ਦਾ ਰੇਤਾ, ਕੇਬਲ ਟਰਾਂਸਪੋਰਟ ਵੇਚ ਦਿੱਤਾ। ਦੋਵਾਂ ਪਾਰਟੀਆਂ ਨੇ ਮਿਲ ਕੇ ਬੱਚਿਆਂ ਦੀ ਪੜਾਈ ਅਤੇ ਭਵਿੱਖ ਨੂੰ ਵੇਚ ਦਿੱਤਾ।

ਰਾਘਵ ਚੱਢਾ ਮੰਗਲਵਾਰ ਨੂੰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿਖੇ ਪਾਰਟੀ ਦੇ ਉਮੀਦਵਾਰ ਡਾ: ਚਰਨਜੀਤ ਸਿੰਘ ਦੇ ਹੱਕ ਵਿਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ . ਉਨਾਂ ਕਿਹਾ ਕਿ ਲੋਕ ਦੱਸ ਰਹੇ ਹਨ ਕਿ ਮੁੱਖ ਮੰਤਰੀ ਚੰਨੀ ਆਪਣੇ ਹਲਕੇ ਵਿੱਚ ਪੈਸੇ ਵੰਡ ਰਹੇ ਹਨ। ਇਹ ਸਾਰਾ ਪੈਸਾ ਪੰਜਾਬ ਦੇ ਲੋਕਾਂ ਦਾ ਹੈ। ਜੇਕਰ ਚੰਨੀ ਪੈਸੇ ਦੇਵੇ ਤਾਂ ਨਾਂਹ ਨਾ ਕਰਨਾ  ਪਰ ਵੋਟ ਆਮ ਆਦਮੀ ਪਾਰਟੀ ਨੂੰ ਦੇਣਾ। ਚੱਢਾ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਕੋਲ ਦੋ ਵਿਕਲਪ ਹਨ। ਇੱਕ ਉਹ ਜਿਸ ਨੇ ਪੰਜਾਬ ਦੀ ਮਿੱਟੀ ਵੇਚ ਦਿੱਤਾ। ਦੂਜੇ ਪਾਸੇ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹਨ, ਜਿਨਾਂ ਨੇ ਪੰਜਾਬ ਵਿੱਚੋਂ ਮਾਫੀਆ ਅਤੇ ਭ੍ਰਿਸਟਾਚਾਰ ਨੂੰ ਖਤਮ ਕਰਨ ਦੀ ਕਸਮ ਖਾਧੀ ਹੈ। ਇਸ ਲਈ ਇਮਾਨਦਾਰ ਲੋਕਾਂ ਨੂੰ ਇੱਕ ਮੌਕਾ ਦਿਓ। ਚੱਢਾ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੀ ਮਿੱਟੀ ਵੇਚਣ ਵਾਲਿਆਂ ਵਿਰੁੱਧ  ‘ਆਪ’ ਦੀ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਅਤੇ ਉਨਾਂ ਨੂੰ ਜੇਲ ਭੇਜੇਗੀ।

ਚੱਢਾ ਨੇ ਮੁੱਖ ਮੰਤਰੀ ਚੰਨੀ ‘ਤੇ ਨਿਸਾਨਾ ਸਾਧਦੇ ਹੋਏ ਕਿਹਾ ਕਿ ਚੰਨੀ ਆਪਣੇ ਆਪ ਨੂੰ ਆਮ ਆਦਮੀ ਅਤੇ ਗਰੀਬ ਦੱਸਦੇ ਹਨ, ਪਰ ਉਨਾਂ ਦੇ ਰਿਸਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ‘ਚ 10 ਕਰੋੜ ਰੁਪਏ ਨਕਦ ਅਤੇ 54 ਲੱਖ ਰੁਪਏ ਦੀਆਂ ਬੈਂਕ ਐਂਟਰੀਆਂ, 16 ਲੱਖ ਦੀ ਘੜੀ, ਲਗਜਰੀ ਗੱਡੀਆਂ ਅਤੇ ਕਰੋੜਾਂ ਰੁਪਏ ਦੀਆਂ ਜਾਇਦਾਦ ਬਰਾਮਦ ਹੋਈ ਹੈ। ਉਨਾਂ ਨੇ ਚੰਨੀ ਤੋਂ ਪੁੱਛਿਆ ਕਿ ਇਹ ਸਾਰਾ ਪੈਸਾ ਕਿੱਥੋਂ ਆਇਆ?

ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਭਤੀਜੇ ਹਨੀ ਨੇ ਈਡੀ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਚੰਨੀ ਦੀ 111 ਦਿਨਾਂ ਦੀ ਸਰਕਾਰ ਦੌਰਾਨ ਉਸਨੇ 325 ਕਰੋੜ ਰੁਪਏ ਕਮਾਏ ਹਨ, ਜਿਸ ਮੁਤਾਬਕ ਹਨੀ ਨੇ ਇਕ ਦਿਨ ‘ਚ 3 ਕਰੋੜ ਰੁਪਏ ਦੀ ਕਮਾਈ ਕੀਤੀ।

ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਹਿੰਦੇ ਹਨ ਕਿ ਉਨਾਂ ਨੇ ਆਟੋ ਵੀ ਚਲਾਇਆ, ਟੈਂਟ ਵੀ ਲਗਾਏ ਹਨ ਅਤੇ ਪੰਕਚਰ ਵੀ ਲਗਾਏ ਹਨ। ਪਰ ਕਿਸੇ ਵੀ ਆਟੋ ਚਾਲਕ ਕੋਲ ਕਰੋੜਾਂ ਰੁਪਏ ਨਹੀਂ ਹਨ। ਕਿਸੀ ਵੀ ਟੈਂਟ ਵਾਲੇ ਕੋਲ ਲਗਜਰੀ ਗੱਡੀਆਂ ਨਹੀਂ ਹਨ। ਕਿਸੇ ਵੀ ਪੰਕਚਰ ਲਗਾਉਣ ਵਾਲੇ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਨਹੀਂ ਹੈ।

ਚੱਢਾ ਨੇ ਲੋਕਾਂ ਨੂੰ  ਆਮ ਆਦਮੀ ਪਾਰਟੀ ਦੇ ਚੋਣ ਨਿਸਾਨ ਝਾੜੂ ਦਾ ਬਟਨ ਦਬਾ ਕੇ ਪਾਰਟੀ ਦੇ ਉਮੀਦਵਾਰ ਡਾ: ਚਰਨਜੀਤ ਸਿੰਘ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ, ਤਾਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਚੱਢਾ ਦੇ ਨਾਲ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੀ ਮੌਜੂਦ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..