ਖਾਲਸਾਈ ਜਾਹੋ ਜਲਾਲ ਨਾਲ ਸਮਾਪਤ ਹੋਈ ਦੋ ਰੋਜ਼ਾ ਸਟੇਟ ਗੱਤਕਾ ਚੈਂਪੀਅਨਸ਼ਿਪ
1 min readਨਿਊ ਚੰਡੀਗੜ੍ਹ, 25 ਨਵੰਬਰ, 2022: ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਚੰਡੀਗੜ੍ਹ ਨੇੜੇ ਸਥਿਤ ਰਤਵਾੜਾ ਸਾਹਿਬ ਵਿਖੇ ਕਰਵਾਈ ਜਾ ਰਹੀ ਦੋ ਰੋਜ਼ਾ 7ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਸ਼ੁੱਕਰਵਾਰ ਨੂੰ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋ ਗਈ। ਇਸ ਮੌਕੇ ਉੱਘੇ ਕਾਰੋਬਾਰੀ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਐਸਪੀ ਓਬਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਐਸ.ਪੀ ਓਬਰਾਏ ਦਾ ਉੱਥੇ ਪਹੁੰਚਣ ‘ਤੇ ਸਵਾਗਤ ਕੀਤਾ। ਉਨ੍ਹਾਂ ਓਬਰਾਏ ਵੱਲੋਂ ਗੱਤਕੇ ਨੂੰ ਅੰਤਰਰਾਸ਼ਟਰੀ ਖੇਡ ਬਣਾਉਣ ਅਤੇ ਬੱਚਿਆਂ ਨੂੰ ਗੱਤਕੇ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਲਈ ਕੀਤੇ ਸਮੇਂ ਸਿਰ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਸੋਹਲ ਨੇ ਇਸ ਮੌਕੇ ਪੰਜਾਬ ਦੇ ਸਾਰੇ ਜਿਲ੍ਹਿਆ ਤੋਂ ਆਏ ਸਾਰੇ ਖਿਡਾਰੀਆਂ ਅਤੇ ਕੋਚ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਪੰਜਾਬ ਦੀ ਇਸ ਵਿਰਾਸਤੀ ਖੇਡ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਅਜਿਹੇ ਵਿੱਚ ਐਸਪੀ ਓਬਰਾਏ ਵਰਗੀ ਮਹਾਨ ਸ਼ਖ਼ਸੀਅਤ ਦਾ ਮਾਰਗਦਰਸ਼ਨ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
ਇਸ ਮੌਕੇ ਐਸਪੀ ਓਬਰਾਏ ਅਤੇ ਹਰਚਰਨ ਸਿੰਘ ਭੁੱਲਰ ਪ੍ਰਧਾਨ ਗੱਤਕਾ ਫੈਡਰੇਸ਼ਨ ਆਫ ਇੰਡੀਆ, ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਬੋਲਦਿਆਂ ਐਸ ਪੀ ਓਬਰਾਏ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਵਿਰਾਸਤੀ ਖੇਡ ਨਾਲ ਜੋੜਨ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਸੇਵਾ ਵਿੱਚ ਉਹ ਹਰ ਸਮੇਂ ਹਾਜ਼ਰ ਹਨ।
ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਗਤਕਾ ਫੈਡਰੇਸ਼ਨ ਆਫ਼ ਇੰਡੀਆ ਨੇ ਜੇਤੂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜਿਲ੍ਹਾ ਪਹਿਲੇ, ਮਲੇਰਕੋਟਲਾ ਜਿਲ੍ਹਾ ਦੂਜੇ ਅਤੇ ਪਟਿਆਲਾ ਜਿਲ੍ਹਾ ਤੀਜੇ ਸਥਾਨ ’ਤੇ ਰਿਹਾ।
ਇਸ ਮੌਕੇ ਐਮ.ਐਮ.ਐਸ ਬੇਦੀ ਰਿਟਾਇਰਡ ਜੱਜ ਪੰਜਾਬ ਹਰਿਆਣਾ ਕੋਰਟ, ਬਾਬਾ ਸੁਖਵਿੰਦਰ ਸਿੰਘ, ਜਗਸੀਰ ਸਿੰਘ ਮਾਨ ਪ੍ਰਧਾਨ ਗੱਤਕਾ ਐਸੋਸੀਏਸ਼ਨ ਚੰਡੀਗੜ੍ਹ, ਦਵਿੰਦਰ ਸਿੰਘ ਜੁਗਨੀ ਮੀਤ ਪ੍ਰਧਾਨ ਪੰਜਾਬ ਗੱਤਕਾ ਐਸੋਸੀਏਸ਼ਨ, ਪ੍ਰਿੰਸੀਪਲ ਕੁਲਦੀਪ ਸਿੰਘ ਵਿੱਤ ਸਕੱਤਰ, ਜਗਦੀਸ਼ ਸਿੰਘ ਕੁਰਾਲੀ, ਉੱਤਮ ਕੁਮਾਰ ਜੀਐਮ ਵੇਰਕਾ ਮਿਲਕ ਪਲਾਂਟ। ਜਗਕਿਰਨ ਕੌਰ ਵੜੈਚ ਜੁਆਇੰਟ ਸਕੱਤਰ, ਮਨਜੀਤ ਸਿੰਘ ਗੱਤਕਾ ਮਾਸਟਰ ਵਾਈਸ ਪ੍ਰਧਾਨ ਗੱਤਕਾ ਫੈਡਰੇਸ਼ਨ ਆਫ ਇੰਡੀਆ, ਮਨਵਿੰਦਰ ਸਿੰਘ ਵਿੱਕੀ ਟੈਕਨੀਕਲ ਇੰਚਾਰਜ ਗੱਤਕਾ ਫੈਡਰੇਸ਼ਨ ਆਫ ਇੰਡੀਆ, ਪ੍ਰਭਮੀਤ ਸਿੰਘ ਮੀਡੀਆ ਇੰਚਾਰਜ, ਚੰਚਲ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਕਾਂਗਰਸ, ਗੁਰਵਿੰਦਰ ਸਿੰਘ ਹਾਜ਼ਰ ਸਨ। ਇਸ ਦੌਰਾਨ ਵੇਰਕਾ ਚੰਡੀਗੜ੍ਹ ਦੇ ਜੀ.ਐਮ ਉੱਤਮ ਕੁਮਾਰ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਆਦਿ ਦੇਣ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ।