December 22, 2024

Chandigarh Headline

True-stories

ਮੋਹਾਲੀ ‘ਚ ਪੱਤਰਕਾਰਾਂ ਨੂੰ ਜਲਦੀ ਹੀ ਮਿਲੇਗੀ ਪ੍ਰੈਸ ਕਲੱਬ ਲਈ ਥਾਂ: ਅਨਮੋਲ ਗਗਨ ਮਾਨ, ਕੁਲਵੰਤ ਸਿੰਘ

ਮੋਹਾਲੀ, 12 ਜਨਵਰੀ, 2023 : ਮੋਹਾਲੀ ਵਿੱਚ ਹਰ ਹਾਲਤ ਵਿੱਚ ਪ੍ਰੈੱਸ ਕਲੱਬ ਬਣਾਇਆ ਜਾਵੇਗਾ, ਇਸ ਵਾਸਤੇ ਗਮਾਡਾ ਤੇ ਪੰਜਾਬ ਸਰਕਾਰ ਨਾਲ ਜਲਦੀ ਹੀ ਰਾਬਤਾ ਕਾਇਮ ਕਰਕੇ ਮੋਹਾਲੀ ਜ਼ਿਲ੍ਹੇ ਦੇ ਪੱਤਰਕਾਰਾਂ ਦੀ ਲੰਬੇ ਸਮੇਂ ਦੀ ਮੰਗ ਪੂਰੀ ਕੀਤੀ ਜਾਵੇਗੀ।

ਮੋਹਾਲੀ ਪ੍ਰੈਸ ਕਲੱਬ ਵੱਲੋਂ ‘ਧੀਆਂ ਦੀ ਲੋਹੜੀ‘ ਦੇ 16ਵੇਂ ਮੇਲੇ ‘ਚ ਬੋਲਦਿਆਂ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੋਹਾਲੀ ਕੌਮਾਂਤਰੀ ਨਕਸ਼ੇ ‘ਤੇ ਹੈ ਅਤੇ ਪੰਜਾਬ ਸਰਕਾਰ ਦੀ ਪਹਿਲ ਵਾਲਾ ਸ਼ਹਿਰ ਹੈ, ਇੱਥੇ ਪ੍ਰੈਸ ਕਲੱਬ ਦਾ ਹੋਣਾ ਅਤੀ ਜ਼ਰੂਰੀ ਹੈ। ਉਨ੍ਹਾਂ ਮੌਕੇ ‘ਤੇ ਹਾਜ਼ਰ ਮੋਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੂੰ ਵੀ ਕਿਹਾ ਕਿ ਉਹ ਪ੍ਰੈਸ ਕਲੱਬ ਨਾਲ ਸੰਬੰਧਤ ਕਾਰਵਾਈ ਨੂੰ ਖੁਦ ਦੇਖ ਕੇ ਪੂਰੀ ਕਰਵਾਉਣ। ਉਨ੍ਹਾਂ ਅੱਗੇ ਕਿਹਾ ਕਿ ਧੀਆਂ ਹਮੇਸ਼ਾ ਪਰਿਵਾਰ, ਸਮਾਜ ਤੇ ਦੇਸ਼ ਦੀ ਤਰੱਕੀ ਦਾ ਬੁਨਿਆਦੀ ਪਾਏਦਾਨ ਹਨ ਅਤੇ ਇੱਕ ਧੀ, ਮਾਂ, ਭੈਣ, ਪਤਨੀ ਤੇ ਕਈ ਹੋਰ ਰੂਪਾਂ ‘ਚ ਆਪਣੇ ਬੱਚਿਆਂ, ਭਰਾਵਾਂ ਨੂੰ ਚੰਗੀ ਸੇਧ ਦਿੰਦੀ ਹੈ। ਮੋਹਾਲੀ ਪ੍ਰੈੱਸ ਕਲੱਬ ਵੱਲੋਂ ‘ਧੀਆਂ ਦੀ ਲੋਹੜੀ‘ ਮਨਾਉਣਾ ਪ੍ਰਸੰਸਾਯੋਗ ਕੰਮ ਹੈ ਅਤੇ ਅਜਿਹਾ ਸਭ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਮੋਹਾਲੀ ਪ੍ਰੈੱਸ ਕਲੱਬ ਲਈ 3 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।

ਇਸ ਮੌਕੇ ਮੋਹਾਲੀ ਦੇ ਵਿਧਾਇਕ

ਕੁਲਵੰਤ ਸਿੰਘ ਨੇ ‘ਧੀਆਂ ਦੀ ਲੋਹੜੀ‘ ਦੇ ਮੌਕੇ ‘ਤੇ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮੋਹਾਲੀ ‘ਚ ਪ੍ਰੈੱਸ ਕਲੱਬ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹੁਣ ਸਾਡੀ ਸਰਕਾਰ ਹੈ ਅਤੇ ਅਸੀਂ ਦੋਵੇਂ ਰਲ ਕੇ ਇਹ ਕੰਮ ਨੇਪਰੇ ਚਾੜਾਂਗੇ। ਸ. ਕੁਲਵੰਤ ਸਿੰਘ ਨੇ ਕਿਹਾ ਕਿ ਜਮਹੂਰੀਅਤ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਪ੍ਰੈਸ ਲਈ ਇੱਥੇ ਪ੍ਰੈੱਸ ਕਲੱਬ ਹੋਣਾ ਜਰੂਰੀ ਹੈ ਅਤੇ ਇਹ ਅਸੀਂ ਬਣਾਵਾਂਗੇ।


ਇਸ ਮੌਕੇ ਨਵਜੰਮੀ ਬੱਚੀ ਵੈਸ਼ਨਵੀ ਪੁੱਤਰੀ ਵਿਸ਼ਾਲ ਭੂਸ਼ਨ ਪੱਤਰਕਾਰ (ਉੱਤਮ ਹਿੰਦੂ) ਦਾ ਅਨਮੋਲ ਗਗਨ ਮਾਨ ਅਤੇ ਕੁਲਵੰਤ ਸਿੰਘ ਵੱਲੋਂ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ।


ਇਸ ਮੌਕੇ ਲੋਹੜੀ ਬਾਲਣ ਦੀ ਰਸਮ ਜਗਜੀਤ ਕੌਰ ਕਾਹਲੋਂ ਤੇ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ। ਇਸ ਤੋਂ ਪਹਿਲਾਂ ਮੋਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਦੀ ਸਥਾਪਨਾ 1999 ਵਿੱਚ ਹੋਈ ਸੀ ਅਤੇ ਇਹ ਕਲੱਬ ਪਿਛਲੇ ਲੰਬੇ ਸਮੇਂ ਤੋਂ ਕਿਰਾਏ ਦੀ ਬਿਲਡਿੰਗ ਵਿੱਚ ਚਲਦਾ ਆ ਰਿਹਾ ਹੈ। ਉਨ੍ਹਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੇ ਵਿਧਾਇਕ ਕੁਲਵੰਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੱਤਰਕਾਰ ਭਾਈਚਾਰੇ ਲਈ ਕੰਮ ਕਰਨ ਲਈ ਪ੍ਰੈੱਸ ਕਲੱਬ ਜ਼ਰੂਰ ਬਣਾਉਣ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹੇ ਦੇ ਮੰਤਰੀ ਤੇ ਵਿਧਾਇਕ ਇੱਕੋ ਪਾਰਟੀ ਦੇ ਹਨ ਜਿਸ ਕਰਕੇ ਇਹ ਕੰਮ ਕਰਨਾ ਬਹੁਤ ਸੌਖਾ ਹੈ। ਉਨ੍ਹਾਂ ਇਸ ਮੌਕੇ ਆਏ ਸਾਰੇ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ।


ਧੀਆਂ ਦੀ ਲੋਹੜੀ ਮੇਲੇ ‘ਚ ਪੰਜਾਬ ਦੇ ਉੱਘੇ ਕਲਾਕਾਰ ਜੈਲੀ ਨੇ ਆਪਣੇ ਪ੍ਰਸਿੱਧ ਗੀਤ, ਇੱਕੋ ਤੇਰਾ ਲੱਖ ਵਰਗਾ, ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ , ਗੱਭਰੂ ਦਾ ਮੁੰਹ ਸੁੱਕ ਗਿਆ, ਆਦਿ ਗਾ ਕੇ ਸਾਰੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਪ੍ਰਸਿੱਧ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਨੇ ਵੀ ਮੇਲੇ ‘ਚ ਪੂਰੀ ਰੌਣਕ ਲਾਈ। ਜਸ ਰਿਕਾਰਡਜ਼ ਦੇ ਕਲਾਕਾਰ ਸੁਖਪ੍ਰੀਤ ਕੌਰ, ਏਕਮ ਚੁਨੌਲੀ ਅਤੇ ਹਰਿੰਦਰ ਹਰ ਨੇ ਵੀ ਵਧੀਆ ਗੀਤ ਗਾ ਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਰੇਡੀਓ ਜੌਕੀ ਦੀ ਕਲਾਕਾਰ ਆਰ ਜੇ ਮਿਨਾਕਸ਼ੀ ਨੇ ਵੀ ਸਰੋਤਿਆਂ ਦੇ ਰੂ ਬ ਰੂ ਹੋ ਕੇ ਆਪਣੇ ਅੰਦਾਜ਼ ‘ਚ ਆਪਣੀ ਪੇਸ਼ਕਾਰੀ ਕੀਤੀ। ਇਸ ਮੌਕੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਵੀ ਬਹੁਤ ਲੰਬਾ ਸਮਾਂ ਮੇਲੇ ‘ਚ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਵੱਲੋਂ ਧੀਆਂ ਦੀ ਲੋਹੜੀ ਮਨਾ ਕੇ ਪੱਤਰਕਾਰ ਭਾਈਚਾਰੇ ਵੱਲੋਂ ਸਮਾਜ ਨੂੰ ਵਧੀਆ ਸੁਨੇਹਾ ਦਿੱਤਾ ਗਿਆ ਹੈ।


ਇਸ ਮੌਕੇ ਮੋਹਾਲੀ ਕਲੱਬ ਦਾ ਕਲੰਡਰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ , ਵਿਧਾਇਕ ਕੁਲਵੰਤ ਸਿੰਘ, ਜਗਜੀਤ ਕੋਰ ਕਾਹਲੋਂ ਨੇ ਜਾਰੀ ਕੀਤਾ ਅਤੇ ਕਲੱਬ ਦਾ ਸੋਵੀਨਾਰ ਉੱਘੇ ਗਾਇਕ ਜੈਲੀ ਨੇ ਜਾਰੀ ਕੀਤਾ।


ਇਸ ਮੌਕੇ ਮੇਲੇ ‘ਚ ਪਹੁੰਚੀਆਂ ਹੋਰ ਸਖਸ਼ੀਅਤਾਂ ‘ਚ ਜੋਧਾ ਮਾਨ, ਰਜੀਵ ਵਸਿਸ਼ਟ, ਆਰ ਪੀ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਹਰਮੇਸ਼ ਕੁੰਬੜਾ, ਜਸਪਾਲ ਬਿੱਲਾ, ਤਰਨਜੀਤ ਸਿੰਘ, ਬਲਜੀਤ ਸਿੰਘ ਹੈਪੀ, ਸੀਨੀਅਰ ਪੱਤਰਕਾਰ ਅਜਾਇਬ ਔਜਲਾ, ਨੌਨਿਹਾਲ ਸਿੰਘ ਸੋਢੀ, ਭੁਪਿੰਦਰ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ ਮਣਕੂ, ਮੋਹਾਲੀ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ , ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸ਼ੁਸ਼ੀਲ ਗਰਚਾ ਅਤੇ ਧਰਮ ਸਿੰਘ, ਆਰਗੇਨਾਈਜਰ ਸੈਕਟਰੀ ਰਾਜ ਕੁਮਾਰ ਅਰੋੜਾ, ਜਾਇੰਟ ਸੈਕਟਰੀ ਨੀਲਮ ਕੁਮਾਰੀ ਠਾਕੁਰ, ਕੈਸ਼ੀਅਰ ਰਾਜੀਵ ਤਨੇਜਾ, ਮਾਇਆ ਰਾਮ, ਹਰਬੰਸ ਸਿੰਘ ਬਾਗੜੀ, ਅਰੁਣ ਨਾਭਾ, ਨਾਹਰ ਸਿੰਘ ਧਾਲੀਵਾਲ, ਕੁਲਵੰਤ ਕੋਟਲੀ, ਅਮਰਜੀਤ ਸਿੰਘ, ਅਮਰਦੀਪ ਸੈਣੀ, ਅਮਰਦੀਪ ਗਿੱਲ, ਵਿਜੇ ਪਾਲ, ਵਿਜੇ ਕੁਮਾਰ, ਪਾਲ ਸਿੰਘ, ਰਣਜੀਤ ਸਿੰਘ ਧਾਲੀਵਾਲ, ਸੰਦੀਪ ਬਿੰਦਰਾ, ਕੁਲਦੀਪ ਸਿੰਘ, ਵਿਸ਼ਾਲ ਭੂਸ਼ਨ, ਸੰਦੀਪ ਸਨੀ, ਸਾਨਾ ਮੇਹਦੀ, ਹਰਿੰਦਰਪਾਲ ਸਿੰਘ ਹੈਰੀ, ਤਰਵਿੰਦਰ ਸਿੰਘ ਬੈਨੀਪਾਲ, ਜਗਵਿੰਦਰ ਸਿੰਘ, ਗੁਰਨਾਮ ਸਾਗਰ, ਅਮਨਦੀਪ ਸਿੰਘ ਗਿੱਲ, ਭੁਪਿੰਦਰ ਬੱਬਰ, ਧਰਮਪਾਲ ਉਪਾਸ਼ਕ, ਸਾਗਰ ਪਾਹਵਾ, ਅਨਿੱਲ ਗਰਗ, ਸੁਖਵਿੰਦਰ ਸ਼ਾਨ, ਬਲਜੀਤ ਮਰਵਾਹਾ, ਜਸਵੀਰ ਸਿੰਘ ਗੋਸਲ, ਜਗਦੀਸ਼ ਸ਼ਾਰਧਾ, ਨਰਿੰਦਰ ਰਾਣਾ ਆਦਿ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..