ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਨੇ 10 ਮਹੀਨਿਆਂ ‘ਚ ਪਿਛਲੇ ਵਰ੍ਹੇ ਨਾਲੋਂ 367.67 ਕਰੋੜ ਰੁਪਏ ਵੱਧ ਜੁਟਾਏ: ਲਾਲਜੀਤ ਸਿੰਘ ਭੁੱਲਰ
ਚੰਡੀਗੜ੍ਹ, 16 ਜਨਵਰੀ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪਹਿਲੇ 10 ਮਹੀਨਿਆਂ ਦੌਰਾਨ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਨੇ ਸਾਲ 2022 ਵਿੱਚ ਪਿਛਲੇ ਵਰ੍ਹੇ ਦੇ ਮੁਕਾਬਲੇ 367.67 ਕਰੋੜ ਰੁਪਏ ਵੱਧ ਮਾਲੀਆ ਇਕੱਤਰ ਕੀਤਾ ਹੈ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਵੱਲੋਂ ਮਾਰਚ ਤੋਂ ਦਸੰਬਰ 2022 ਤੱਕ 1247.22 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ ਗਈ ਹੈ ਜਦਕਿ ਸਾਲ 2021 ਦੇ ਇਸ ਅਰਸੇ ਦੌਰਾਨ ਸਰਕਾਰੀ ਬੱਸਾਂ ਤੋਂ ਇਹ ਆਮਦਨ 879.55 ਕਰੋੜ ਰੁਪਏ ਹੋਈ। ਉਨ੍ਹਾਂ ਦੱਸਿਆ ਕਿ ਇਹ ਵਾਧਾ 41.80 ਫ਼ੀਸਦੀ ਬਣਦਾ ਹੈ।
ਵਿਸਥਾਰ ਵਿੱਚ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਨੇ ਸਾਲ 2022 ਦੇ 10 ਮਹੀਨਿਆਂ ਦੌਰਾਨ 665.30 ਕਰੋੜ ਰੁਪਏ ਜੁਟਾਏ ਜਦਕਿ ਸਾਲ 2021 ਦੌਰਾਨ ਇਹ ਕਮਾਈ 446.83 ਕਰੋੜ ਰੁਪਏ ਰਹੀ। ਉਨ੍ਹਾਂ ਦੱਸਿਆ ਕਿ 48.89 ਫ਼ੀਸਦੀ ਵਾਧੇ ਨਾਲ ਪੀ.ਆਰ.ਟੀ.ਸੀ. ਨੇ 218.47 ਕਰੋੜ ਰੁਪਏ ਵੱਧ ਜੁਟਾਏ ਹਨ।
ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਰੋਡਵੇਜ਼/ਪਨਬੱਸ ਦੀ ਆਮਦਨ ਸਾਲ 2022 ਦੇ 10 ਮਹੀਨਿਆਂ ਦੌਰਾਨ 149.20 ਕਰੋੜ ਰੁਪਏ ਦੇ ਵਾਧੇ ਨਾਲ 581.92 ਕਰੋੜ ਰੁਪਏ ਰਹੀ ਜਦਕਿ ਸਾਲ 2021 ਦੌਰਾਨ ਇਹ ਆਮਦਨ 432.72 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਨੇ 10 ਮਹੀਨਿਆਂ ਦੌਰਾਨ 34.47 ਫ਼ੀਸਦੀ ਵਾਧਾ ਦਰਜ ਕੀਤਾ ਹੈ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਜਾਂਦੀ ਮੁਫ਼ਤ ਸਫ਼ਰ ਸਹੂਲਤ ਤਹਿਤ ਅਪ੍ਰੈਲ ਤੋਂ ਦਸੰਬਰ 2022 ਤੱਕ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਕੁੱਲ 558.85 ਕਰੋੜ ਰੁਪਏ ਖ਼ਰਚ ਕੀਤੇ ਗਏ, ਜੋ ਸਾਲ 2021 ਦੇ ਇਸ ਅਰਸੇ ਦੌਰਾਨ 313.46 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਸਾਲ 2022 ਦੌਰਾਨ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਸਹੂਲਤ ਤਹਿਤ 299.66 ਕਰੋੜ ਰੁਪਏ ਖ਼ਰਚੇ ਗਏ ਜਦਕਿ ਸਾਲ 2021 ਦੇ ਇਸ ਅਰਸੇ ਦੌਰਾਨ ਇਹ ਖ਼ਰਚ 166.87 ਕਰੋੜ ਰੁਪਏ ਰਿਹਾ। ਇਸੇ ਤਰ੍ਹਾਂ ਪੰਜਾਬ ਰੋਡਵੇਜ਼/ਪਨਬੱਸ ਦੀਆਂ ਬੱਸਾਂ ਵਿੱਚ ਸਾਲ 2021 ਦੇ 146.59 ਕਰੋੜ ਰੁਪਏ ਦੇ ਮੁਕਾਬਲੇ ਸਾਲ 2022 ਦੌਰਾਨ ਔਰਤਾਂ ਨੂੰ 259.19 ਕਰੋੜ ਰੁਪਏ ਨਾਲ ਮੁਫ਼ਤ ਸਫ਼ਰ ਸਹੂਲਤ ਮੁਹੱਈਆ ਕਰਵਾਈ ਗਈ।