ਪੰਜਾਬ ਰਾਜ ਵਣ ਵਿਕਾਸ ਨਿਗਮ ਦੀ ਆਮਦਨੀ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ 4 ਕਰੋੜ ਵਧੀ: ਲਾਲ ਚੰਦ ਕਟਾਰੂਚੱਕ
1 min readਚੰਡੀਗੜ੍ਹ, ਜਨਵਰੀ 17, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਹਰਿਆਵਲ ਹੇਠਲਾ ਰਕਬਾ ਵਧਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਹਰ ਕਦਮ ਚੁੱਕਣ ਹਿੱਤ ਵਚਨਬੱਧ ਹੈ। ਇਸ ਵਿੱਚ ਪੰਜਾਬ ਰਾਜ ਵਣ ਵਿਕਾਸ ਨਿਗਮ ਦਾ ਬੇਹੱਦ ਅਹਿਮ ਰੋਲ ਹੈ। ਇਹ ਵਿਚਾਰ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਮੋਹਾਲੀ ਦੇ ਸੈਕਟਰ 68 ਵਿਚਲੇ ਵਣ ਕੰਪਲੈਕਸ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਰੀਜਨਲ ਮੈਨੇਜਰਾਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਗਟ ਕੀਤੇ।
ਇਸ ਮੌਕੇ ਕਟਾਰੂਚੱਕ ਨੇ ਇਸ ਗੱਲ ਉੱਤੇ ਖੁਸ਼ੀ ਜਾਹਿਰ ਕੀਤੀ ਕਿ ਇਸ ਵਰ੍ਹੇ ਨਿਗਮ ਨੂੰ 44 ਕਰੋੜ ਰੁਪਏ ਦੀ ਆਮਦਨੀ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆ ਵਿੱਚ ਹੀ ਹੋ ਗਈ ਹੈ ਜਦੋਂ ਕਿ ਬੀਤੇ ਵਰ੍ਹੇ ਨਿਗਮ ਨੂੰ 40 ਕਰੋੜ ਰੁਪਏ ਦੀ ਆਮਦਨ ਹੋਈ ਸੀ।
ਇਸ ਮੌਕੇ ਨਿਗਮ ਦੇ ਅਧਿਕਾਰੀਆ ਵੱਲੋਂ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਨਿਗਮ ਵੱਲੋਂ ਕਈ ਨਵੇਂ ਪ੍ਰੋਜੈਕਟ ਉਲੀਕੇ ਜਾ ਰਹੇ ਹਨ ਜਿਨ੍ਹਾਂ ਵਿੱਚ ਬਠਿੰਡਾ ਡਵੀਜਨ ਵਿਖੇ ਵਰਮੀਕੰਪੋਸਟ ਪ੍ਰਣਾਲੀ ਸਥਾਪਿਤ ਕਰਨਾ ਸ਼ਾਮਿਲ ਹੈ। ਇਸ ਪ੍ਰੋਜੈਕਟ ਨਾਲ ਜਿੱਥੇ ਨਿਗਮ ਦੀ ਆਮਦਨ ਵਿੱਚ ਵਾਧਾ ਹੋਵੇਗਾ, ਉਥੇ ਹੀ ਇਹ ਪ੍ਰਣਾਲੀ ਵਾਤਾਵਰਣ ਪੱਖੀ ਵੀ ਹੈ। ਇਸ਼ ਤੋਂ ਇਲਾਵਾ ਜੰਗਲਾਤ ਦੇ ਰਕਬੇ ਦੀ ਰਾਖੀ ਲਈ ਆਰ.ਸੀ.ਸੀ. ਪਿੱਲਰ ਤੋਂ ਇਲਾਵਾ ਰੁੱਖਾਂ ਦੀ ਸਾਂਭ ਸੰਭਾਲ ਲਈ ਟ੍ਰੀ-ਗਾਰਡ ਤਿਆਰ ਕਰਨ ਅਤੇ ਇਸ ਤੋਂ ਇਲਾਵਾ ਵੂਡਨ (ਲੱਕੜ) ਦੀਆਂ ਉੱਚ ਪੱਧਰ ਦੀਆਂ ਕਰੇਟਾਂ ਤਿਆਰ ਕਰਨ ਆਦਿ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ।
ਵਿਭਾਗੀ ਕੰਮ ਕਾਜ ਵਿੱਚ ਪੂਰਨ ਪਾਰਦਰਸ਼ਿਤਾ ਉੱਤੇ ਜੋਰ ਦਿੰਦੇ ਹੋਏ ਕਟਾਰੂਚੱਕ ਨੇ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੋ ਕੋਈ ਵੀ ਬੇਨਿਯਮੀ ਕਰਦਾ ਪਾਇਆ ਜਾਂਦਾ ਹੈ,ਉਸ ਖਿਲਾਫ ਰਿਕਵਰੀ ਤੋਂ ਇਲਾਵਾ ਬਣਦੀ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ ਕਿਉਂ ਜੋਂ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਇਸ ਗੱਲ ਉੱਤੇ ਵੀ ਜੋਰ ਦਿੱਤਾ ਕਿ ਵਿਭਾਗ ਦੇ ਕੰਮ ਕਾਜ ਸਬੰਧੀ ਟੈਂਡਰ ਪ੍ਰਕਿਰਿਆ ਦੌਰਾਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਚੇਅਰਮੈਨ ਰਾਕੇਸ਼ ਪੁਰੀ, ਪ੍ਰਮੁੱਖ ਮੁੱਖ ਵਣ ਪਾਲ ਆਰ.ਕੇ. ਮਿਸ਼ਰਾ ਅਤੇ ਮੁੱਖ ਜਨਰਲ ਮੈਨੇਜਰ ਗੀਤਾਂਜਲੀ ਵੀ ਮੌਜੂਦ ਸਨ।