ਸੁਖਬੀਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ’ਤੇ ਜਾਨ ਲੇਵਾ ਹਮਲੇ ਦੀ ਕੀਤੀ ਨਿਖੇਧੀ
ਚੰਡੀਗੜ੍ਹ, 18 ਜਨਵਰੀ, 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰਸਿੰਘ ਧਾਮੀ ’ਤੇ ਮੁਹਾਲੀ ਵਿਚ ਇਕ ਗੁਰਦੁਆਰਾ ਸਾਹਿਬ ਵਿਚ ਹੋਏ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸਨੁੰ ਸ਼੍ਰੋਮਣੀ ਕਮੇਟੀ ਅਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦੀ ਕੜੀ ਕਰਾਰ ਦਿੱਤਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਖਾਲਸਾ ਪੰਥ ਨੂੰ ਝੁਕਾਉਣ ਵਿਚ ਅਸਫਲ ਰਹਿਣ ਕਾਰਨ ਨਮੋਸ਼ੀ ਭਰੇ ਹਾਲਾਤ ਦਾ ਨਤੀਜਾ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਪੰਥ ਵਿਚ ਅਰਾਜਕਤਾ ਫੈਲਾਉਣ ਦਾ ਯਤਨ ਕੀਤਾ ਜਾ ਰਿਹਾਹੈ ਤਾਂ ਪੰਥ ਅਜਿਹੀਆਂ ਕਾਇਰਾਨਾ ਹਰਕਤਾਂ ਅਤੇ ਦਿੜ੍ਹ ਨਿਸ਼ਚੇ ਨੁੰ ਬੰਦੀਸਿੰਘਾਂ ਦੀ ਰਿਹਾਈ ਕਰਵਾਉਣ ਵਾਸਤੇ ਕਮਜ਼ੋਰ ਨਹੀਂ ਪੈਣ ਦੇਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇਸ ਸਬੰਧੀ ਪ੍ਰੋਗਰਾਮ ਜਾਰੀ ਰੱਖਣਗੇ ਅਤੇ ਇਸ ਤਹਿਤ ਹਸਤਾਖਰ ਮੁਹਿੰਮ ਹੋਰ ਭਖਾਈ ਜਾਵੇਗੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਤਾਕਤਾਂ ਖਾਲਸਾ ਪੰਥ ਅਤੇ ਇਸਦੀਆਂ ਪ੍ਰਤੀਸ਼ਠਤ ਸੰਸਥਾਵਾਂ ਨੂੰ ਢਹਿ ਢੇਰੀ ਕਰਨਾ ਚਾਹੁੰਦੀਆਂ ਹਨ। ਉਹਨਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਹਨਾ ਕਿਹਾ ਕਿ ਇਹ ਜਾਂਚ ਆਮਆਦਮੀ ਪਾਰਟੀ ਸਰਕਾਰ ਦੇ ਦਾਇਰੇ ਵਿਚੋਂ ਬਾਹਰ ਹੋਣੀ ਚਾਹੀਦੀ ਹੈ ਕਿਉਂਕਿ ਆਪ ਸਰਕਾਰ ਦੁਨੀਆਂ ਭਰ ਵਿਚ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਦੇਮੁਖੀ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਨਾਕਾਮ ਸਾਬਤਹੋਈ ਹੈ। ਉਹਨਾਂ ਕਿਹਾ ਕਿ ਇਸ ਘਟਨਾ ਤੋਂ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਦਾ ਵੀ ਪਤਾ ਲੱਗਦਾ ਹੈ।
ਬਾਦਲ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਵਿਰੋਧੀ ਤਾਕਤਾਂ ਦਹਾਕਿਆਂ ਤੋਂ ਪੰਥ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਭਾਵੇਂ ਉਹ 1984 ਵਿਚ ਟੈਂਕਾਂ ਤੇ ਮਾਰਟਰਾਂ ਦਾ ਹਮਲਾ ਹੋਵੇ ਜਾਂ ਫਿਰ ਪਿਛਲੇ ਸਾਲ ਨਵੰਬਰ ਵਿਚ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਹੋਵੇ। ਉਹਨਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਇਹਨਾਂ ਤਾਕਤਾਂ ਨੂੰ ਹਰਾਉਣ ਲਈ ਇਕਜੁੱਟ ਰਹੀ ਹੈ। ਉਹਨਾਂ ਕਿਹਾ ਕਿ ਉਹ ਪੰਥ ਨੂੰ ਅਪੀਲ ਕਰਦੇ ਹਨ ਕਿ ਇਸ ਅਹਿਮ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਖੀ ਵਾਸਤੇ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾਵੇ।
ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨਾਲ ਰਲ ਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੰਮ ਕਰ ਰਿਹਾਹੈ। ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਕੌਮੀ ਧਿਆਨ ਖਿੱਚਣ ਵਾਸਤੇ ਦਿੱਲੀ ਵਿਚ ਧਰਨਾ ਵੀ ਦਿੱਤਾ। ਉਹਨਾਂ ਕਿਹਾ ਕਿ ਉਹੀ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਖਿਲਾਫ ਕੰਮ ਕਰ ਰਹੇ ਹਨ ਜੋ ਉਹਨਾਂ ਦੀ ਰਿਹਾਈ ਦਾ ਵਿਰੋਧ ਕਰ ਰਹੇ ਹਨ।