ਡਿਊਟੀ ਦੌਰਾਨ ਹੋਮਗਾਰਡ ਮੁਲਾਜ਼ਮਾਂ ਦੀ ਹੋਈ ਮੌਤ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਨੌਕਰੀ ਦੀ ਮੰਗ
ਮੋਹਾਲੀ, 17 ਫਰਵਰੀ, 2023: ਪੰਜਾਬ ਵਿੱਚ ਹੋਮਗਾਰਡ ਦੀ ਨੌਕਰੀ ਦੌਰਾਨ ਡਿਊਟੀ ਸਮੇਂ ਦੌਰਾਨ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਤਰਸ ਦੇ ਆਧਾਰ ਉਤੇ ਨੌਕਰੀ ਦੀ ਮੰਗ ਕੀਤੀ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਹੋਮਗਾਰਡ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਪ੍ਰੈਸ ਸਕੱਤਰ ਅਮਰਜੀਤ ਸਿੰਘ, ਖਜ਼ਾਨਚੀ ਅਮਨਦੀਪ ਸਿੰਘ ਨੇ ਕਿਹਾ ਕਿ ਸਾਡੇ ਪਿਤਾ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਹੋਮ ਗਾਰਡ ਵਿੱਚ ਡਿਊਟੀ ਦੌਰਾਨ ਸਾਲ 2007 ਤੋਂ ਬਾਅਦ 2022 ਤੱਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ਉਤੇ ਪੰਜਾਬ ਸਰਕਾਰ ਦੁਆਰਾ ਨੌਕਰੀ ਦਿੱਤੀ ਗਈ, ਪ੍ਰੰਤੂ ਸਾਲ 2007 ਤੋਂ ਪਹਿਲਾਂ ਕਿਸੇ ਪਰਿਵਾਰਕ ਮੈਂਬਰ ਨੂੰ ਤਰਸ ਦੇ ਆਧਾਰ ਉਤੇ ਨੌਕਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਮ੍ਰਿਤਕ ਪਰਿਵਾਰ ਨੂੰ ਸਹਾਰੇ ਲਈ ਪੈਨਸ਼ਨ ਵਰਗੀ ਸਹੂਲਤ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਸਾਡੇ ਪਿਤਾ ਸਹਿਬਾਨਾਂ ਨੇ ਅੱਤਵਾਦ ਦੇ ਸਮੇਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਈ ਸੀ ਅਤੇ ਉਨ੍ਹਾਂ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵਲੋਂ ਕੋਈ ਲਾਭ ਜਾਂ ਮਾਲੀ ਸਹਾਇਤਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਤੋਂ ਮੰਗ ਕਰਦੇ ਆ ਰਹੇ ਹਾਂ ਪਰ ਕਿਸੇ ਨੇ ਸਾਡੀ ਮੰਗ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਸਰਕਾਰ ਦੇ ਮਾਨਯੋਗ ਐਮ.ਐਲ.ਏ. ਅਤੇ ਮੰਤਰੀ ਸਹਿਬਾਨਾਂ ਨੂੰ ਵੀ ਇਸ ਸਬੰਧੀ ਮੰਗ ਪੱਤਰ ਦੇ ਚੁੱਕੇ ਹਾਂ। ਇਸ ਤੋਂ ਇਲਾਵਾ ਅਸੀਂ ਪੁਲਿਸ ਦੇ ਉੱਚ ਅਧਿਕਾਰੀ (ਡੀ.ਜੀ.ਪੀ. ਪੰਜਾਬ (ਹੋਮ ਗਾਰਡਜ਼)) ਨੂੰ ਪੱਤਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦੇ ਓ ਐਸ ਡੀ ਦੇ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਮੁੱਖ ਮੰਤਰੀ ਤੋਂ ਮੀਟਿੰਗ ਦਾ ਸਮਾਂ ਮੰਗਿਆ ਸੀ ਪਰ ਅਜੇ ਤੱਕ ਨਾ ਸਾਡੀ ਮੰਗ ਮੰਨੀ ਗਈ ਤੇ ਨਾ ਹੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਤਰਸ ਦੇ ਆਧਾਰ ਉਤੇ ਉਨ੍ਹਾਂ ਨੂੰ ਨੌਕਰੀ ਦਿਤੇ ਜਾਵੇ ਤੇ ਹੋਰ ਬਣਦੀਆਂ ਸਹੂਲਤਾਂ ਵੀ ਦਿੱਤੀਆਂ ਜਾਣ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ 20 ਦਿਨਾਂ ਵਿੱਚ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਪਰਿਵਾਰਾਂ ਦੇ ਮੈਂਬਰਾਂ ਸਮੇਤ ਭੁੱਖ ਹੜਤਾਲ ਕਰਨਗੇ। ਇਸ ਮੌਕੇ ਬਿੱਕੀ ਰਾਮ, ਦਿਲਬਾਗ ਸਿੰਘ ਆਦਿ ਵੀ ਹਾਜ਼ਰ ਸਨ।