ਸੁਖਬੀਰ ਬਾਦਲ ਨੇ ਕੈਨੇਡਾ ਤੋਂ 700 ਪੰਜਾਬੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਤੋਂ ਰੋਕਣ ਲਈ ਵਿਦੇਸ਼ ਮੰਤਰੀ ਨੂੰ ਕੀਤੀ ਅਪੀਲ
ਚੰਡੀਗੜ੍ਹ, 17 ਮਾਰਚ, 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਕੈਨੇਡਾ ਵਿਚ ਬੇਕਸੂਰ 700 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਅਧਿਕਾਰੀਆਂ ਵੱਲੋਂ ਵਾਪਸ ਭੇਜੇ ਜਾਣ ਦੀ ਕਾਰਵਾਈ ਰੋਕਣ ਤੇ ਉਹਨਾਂ ਨੂੰ ਵਾਪਸ ਨਾ ਭੇਜੇ ਜਾਣਾ ਯਕੀਨੀ ਬਣਾਉਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 700 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐਸ ਏ) ਤੋਂ ਵਾਪਸ ਵਤਨ ਭੇਜੇ ਜਾਣ ਦੇ ਨੋਟਿਸ ਪ੍ਰਾਪਤ ਹੋਏ ਹਨ ਕਿਉਂਕਿ ਓਂਟਾਰੀਓ ਦੇ ਇਕ ਪਬਲਿਕ ਕਾਲਜ ਵਿਚ ਉਹਨਾਂ ਦੇ ਦਾਖਲ ਲਈ ਦਾਖਲਾ ਪੇਸ਼ਕਸ਼ਾਂ ਜਾਅਲੀ ਪਾਈਆਂ ਗਈਆਂ ਕਿਉਂਕਿ ਉਹ ਇਕ ਸਿੱਖਿਆ ਮਾਈਗਰੇਸ਼ਨ ਸਰਵਿਸ ਕੰਪਨੀ ਵੱਲੋਂ ਠੱਗੇ ਗਏ ਸਨ।
ਉਹਨਾਂ ਕਿਹਾ ਕਿ ਇਹ ਵਿਦਿਆਰਥੀ ਉਹਨਾਂ ਨਾਲ ਮਾਰੀ ਗਈ ਠੱਗੀ ਦਾ ਸ਼ਿਕਾਰ ਹਨ। ਉਹਨਾਂ ਕਿਹਾ ਕਿ ਇਹਨਾਂ ਖਿਲਾਫ ਕਾਰਵਾਈ ਨਾਲ ਨਾ ਸਿਰਫ ਇਹਨਾਂ ਦਾ ਭਵਿੱਖ ਖ਼ਤਰੇ ਵਿਚ ਪੈ ਜਾਵੇਗਾ ਬਲਕਿ 700 ਪਰਿਵਾਰ ਤਬਾਹ ਹੋ ਜਾਣਗੇ ਕਿਉਂਕਿ ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੀ ਸਖ਼ਤ ਮਿਹਨਤ ਦੀ ਕਮਾਈ ਇਹਨਾਂ ਨੂੰ ਕੈਨੇਡਾ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਭੇਜਣ ’ਤੇ ਖਰਚ ਕਰ ਦਿੱਤੀ ਹੈ, ਉਹ ਵੀ ਇਸ ਆਸ ਵਿਚ ਇਹਨਾਂ ਨੂੰ ਪੀ ਆਰ ਮਿਲ ਜਾਵੇਗੀ।
ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਓਂਟਾਰੀਓ ਦੇ ਹੰਬਰ ਕਾਲਜ ਵਿਚ ਦਾਖਲੇ ਵਾਸਤੇ ਪ੍ਰਤੀ ਵਿਦਿਆਰਥੀ 16 ਤੋਂ 20 ਲੱਖ ਰੁਪਏ ਖਰਚ ਕੀਤੇ ਹਨ ਤੇ ਇਹਨਾਂ ਨੂੰ ਜਾਅਲੀ ਫੀਸ ਰਸੀਦਾਂ ਦੇ ਨਾਲ ਜਾਅਲੀ ਦਾਖਲਾ ਪੇਸ਼ਕਸ਼ ਚਿੱਠੀਆਂ ਦਿੱਤੀਆਂ ਗਈਆਂ। ਇਹਨਾਂ ਵਿਦਿਆਰਥੀਆਂ ਨੂੰ ਇਹਨਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੈਨੇਡੀਅਨ ਸਫਾਰਤਖਾਨੇ ਨੇ ਵੀਜ਼ੇ ਦਿੱਤੇ। ਉਹਨਾਂ ਦੱਸਿਆ ਕਿਜਦੋਂ ਕੈਨੇਡਾ ਪਹੁੰਚਣ ’ਤੇ ਕੰਪਨੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਹੰਬਰ ਯੂਨੀਵਰਸਿਟੀ ਵਿਚ ਉਹਨਾਂ ਦਾ ਦਾਖਲਾ ਰੱਦ ਹੋ ਗਿਆ ਤੇ ਉਹਨਾਂ ਦਾ ਦਾਖਲਾ ਕਿਸੇ ਹੋਰ ਸੰਸਥਾ ਵਿਚ ਕਰਾਉਣਾ ਹੈ ਤਾਂ ਉਸ ਗੱਲ ਦੇ ਵੀ 5 ਤੋਂ 6 ਲੱਖ ਰੁਪਏ ਕਮਿਸ਼ਨ ਵਜੋਂ ਲੈ ਲਏ ਗਏ।
ਬਾਦਲ ਨੇ ਕਿਹਾ ਕਿ ਇਹ ਘੁਟਾਲਾ ਉਦੋਂ ਸਾਹਮਣੇ ਆਇਆ ਜਦੋਂ ਕੁਝ ਵਿਦਿਆਰਥੀਆਂ ਨੇ ਸਥਾਈ ਨਾਗਰਿਕਤਾ (ਪੀ ਆਰ) ਲਈ ਅਪਲਾਈ ਕੀਤਾ ਤੇ ਉਹਨਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ। ਉਹਨਾਂ ਦੱਸਿਆਕਿ ਕੰਪਲੀ ਨੇ ਇਹਨਾਂ ਵਿਦਿਆਰਥੀਆਂ ਨੂੰ ਆਪਣੀਆਂ ਅਰਜ਼ੀਆਂ ਖੁਦ ਹੀ ਬਿਨੈਕਾਰ ਹੋਣ ਵਜੋਂ ਸਾਈਨ ਕਰਵਾਈਆਂ ਸਨ ਤੇ ਇਸ ਲਈ ਜਾਅਲਸਾਜ਼ੀ ਦੀ ਸਾਰੀ ਜ਼ਿੰਮੇਵਾਰੀ ਵੀ ਇਹਨਾਂ ’ਤੇ ਆਣ ਪਈ ਹੈ। ਉਹਨਾਂ ਕਿਹਾ ਕਿ ਇਹਵੀ ਇਕ ਸੱਚਾਈ ਹੈ ਕਿ ਇਹ ਘੁਟਾਲਾ ਕੈਨੇਡੀਅਨ ਸਫਾਰਤਖਾਨੇ ਵਿਚ ਹੀ ਫੜਿਆ ਜਾ ਸਕਦਾ ਸੀ ਜੇਕਰ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨ ਸਮੇਂ ਉਹਨਾਂ ਦੇ ਕਾਲਜ ਦੇ ਦਾਖਲੇ ਦੀ ਪੇਸ਼ਕਸ਼ ਵਾਲੇ ਪੱਤਰਾਂ ਦੀ ਜਾਂਚ ਹੋ ਜਾਂਦੀ।
ਵਿਦੇਸ਼ ਮੰਤਰੀ ਨੂੰ ਇਸ ਸਾਰੇ ਮਾਮਲੇ ਅਤੇ ਵਿਦਿਆਰਥੀਆਂ ਦੇ ਠੱਗੀ ਦਾ ਸ਼ਿਕਾਰ ਹੋਣ ਦੇ ਮਾਮਲੇ ਤੋਂ ਕੈਨੇਡਾ ਸਰਕਾਰ ਨੂੰ ਜਾਣੂ ਕਰਵਾਉਣ ਦੀ ਅਪੀਲ ਕਰਦਿਆਂ ਬਾਦਲ ਨੇ ਕਿਹਾ ਕਿ ਕੈਨੇਡਾ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਵੇ ਕਿ ਇਹ ਮਾਮਲਾ ਮਨੁੱਖਤਾ ਦੇ ਆਧਾਰ ’ਤੇ ਤਰਸ ਨਾਲ ਵਿਚਾਰਿਆ ਜਾਵੇ।