ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਥਕ ਧਿਰਾਂ ਨੇ ਸੱਦੀ 6 ਫਰਵਰੀ ਨੂੰ ਇਕੱਤਰਤਾ
1 min readਮੋਹਾਲੀ, 3 ਫਰਵਰੀ, 2022 : ਬੰਦੀ ਸਿੰਘਾਂ ਦਾ ਮੁੱਦਾ ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਰਮਾਇਆ ਹੋਇਆ ਹੈ। ਵੱਖ ਵੱਖ ਪੰਥਕ ਧਿਰਾਂ ਲੰਮੇ ਸਮੇਂ ਤੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਤੋਂ ਮੰਗ ਕਰ ਰਹੀਆਂ ਹਨ। ਅੱਜ ਮੋਹਾਲੀ ਵਿਖੇ ਬੰਦੀ ਸਿੰਘ ਰਿਹਾਈ ਮਾਰਚ ਕਮੇਟੀ ਦੇ ਆਗੂਆਂ ਨੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪੈ੍ਰਸ ਕਾਨਫਰਸ ਦੌਰਾਨ ਮੀਡੀਆ ਨੂੰ ਦੱਸਿਆ ਕਿ 11 ਜਨਵਰੀ ਨੂੰ ਗੁਰਦੁਆਰਾ ਜੋਤੀ ਸਰੂਪ ਤੋਂ ਪੰਜਾਬ ਗਵਰਨਰ ਹਾਊਸ ਤੱਕ ਵਿਸ਼ਾਲ ਮਾਰਚ ਕੱਢਿਆ ਗਿਆ ਸੀ। ਗਵਰਨਰ ਪੰਜਾਬ ਨੂੰ ਇਕ ਯਾਦ ਪੱਤਰ ਦੇ ਕੇ ਰਿਹਾਈਆਂ ਦੀ ਮੰਗ ਕੀਤੀ ਗਈ ਸੀ। ਇਹ ਭਰੋਸਾ ਗਵਰਨਰ ਪੰਜਾਬ ਵਲੋਂ ਦਿੱਤਾ ਗਿਆ ਸੀ ਕਿ 25 ਸਾਲ ਤੋਂ ਵੱਧ ਸਜ਼ਾ ਪੂਰੀ ਕਰ ਚੁੱਕੇ ਬੰਦੀਆਂ ਨੂੰ ਜਲਦ ਰਿਹਾਅ ਕਰ ਦਿੱਤਾ ਜਾਵੇਗਾ, ਪਰ ਅੱਜ ਤਿੰਨ ਹਫਤੇ ਬੀਤਣ ਤੋਂ ਬਾਅਦ ਇਸ ਸਬੰਧੀ ਗਵਰਨਰ ਹਾਊਸ ਤੋਂ ਕੋਈ ਜਵਾਬ ਨਹੀਂ ਆਇਆ। ਇਸ ਦੌਰਾਨ ਪੰਥਕ ਧਿਰਾਂ ਅਤੇ ਵਕੀਲਾਂ ਵਲੋਂ ਹਫਤਾ ਪਹਿਲਾਂ ਦੁਬਾਰਾ ਗਵਰਨਰ ਪੰਜਾਬ ਨੂੰ ਯਾਦ ਪੱਤਰ ਦਿੱਤਾ ਗਿਆ।
ਪ੍ਰੋ ਬਲਜਿੰਦਰ ਸਿੰਘ ਹਵਾਰਾ ਕਮੇਟੀ ਦੇ ਆਗੂ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 159 ਦੇ ਮੁਤਾਬਕ ਗਵਰਨਰ ਪੰਜਾਬ ਦੀ ਇਹ ਸੰਵਿਧਾਨਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੰਵਿਧਾਨ ਦੀ ਰਖਵਾਲੀ ਕਰਦਿਆਂ ਹੋਇਆਂ ਆਰਟੀਕਲ 161 ਅਧੀਨ ਬੰਦੀ ਸਿੰਘਾਂ ਨੂੰ ਰਿਹਾਅ ਕਰ ਸਕਦੇ ਹਨ। ਪਰ ਅਫਸੋਸ ਗਵਰਨਰ ਸਾਹਿਬ ਨੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਲਈ ਨਹੀਂ ਨਿਭਾਈ। ਸਿੱਟੇ ਵਜੋਂ ਵੱਖ ਵੱਖ ਪੰਥਕ ਧਿਰਾਂ ਨੇ ਮਜਬੂਰ ਹੋ ਕੇ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਦੇਸ਼ਾਂ ਦੀ ਪਾਲਣਾ ਕਰਦ ੇ ਹੋਏ 6 ਫਰਵਰੀ ਨੂੰ ਗੁਰਦੁਆਰਾ ਅੰਬ ਸਾਹਿਬ, ਫੇਜ਼-8, ਮੋਹਾਲੀ ਵਿਖੇ ਸਵੇਰੇ 11 ਵਜੇ ਇਕ ਪੰਥਕ ਇਕੱਤਰਤਾ ਸੱਦੀ ਹੈ। ਸ. ਬਲਬੀਰ ਸਿੰਘ ਹਿਸਾਰ ਨਿੱਜੀ ਸਹਾਇਕ ਜਥੇਦਾਰ ਹਵਾਰਾ, ਜਸਵੰਤ ਸਿੰਘ ਸਿੱਧੂਪੁਰ, ਹਰਪ੍ਰੀਤ ਸਿੰਘ ਰਾਣਾ, ਇੰਦਰਜੀਤ ਸਿੰਘ ਰੀਠਖੇੜੀ ਅਤੇ ਦਲਜੀਤ ਸਿੰਘ ਦਿੱਲੀ ਨੇ ਕਿਹਾ ਕਿ ਸਰਕਾਰ ਆਪਣਾ ਸੰਵਿਧਾਨਕ ਫਰਜ਼ ਨਿਭਾਉਣ ਵਿਚ ਨਾਕਾਮ ਰਹੀ ਹੈ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਰਿਹਾਈਆਂ ਦਾ ਮੁੱਦਾ ਸ਼ਾਮਲ ਨਹੀਂ ਕੀਤਾ ਹੈ।
ਅੱਜ ਦੀ ਇਸ ਪ੍ਰੈੋਸ ਕਾਨਫਰੰਸ ਵਿਚ ਸਮੂਹ ਪੰਥਕ ਜਥੇਬੰਦੀਆਂ, ਨੌਜਵਾਨ ਆਗੂਆਂ, ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਕਵੀਸ਼ਰਾਂ-ਢਾਡੀਆਂ ਨੂੰ ਅਪੀਲ ਕੀਤੀ ਕਿ ਉਹ 6 ਫਰਵਰੀ ਦੇ ਇਕੱਠ ਵਿਚ ਵੱਧ ਚੜ ਕੇ ਸ਼ਾਮਲ ਹੋਣ।
ਇਸ ਦੌਰਾਨ ਪ੍ਰੈਸ ਕਾਨਫਰੰਸ ਵਿਚ ਰੇਸ਼ਮ ਸਿਘ ਬਡਾਲੀ (ਕਿਸਾਨ ਆਗੂ), ਬਲਵਿੰਦਰ ਸਿੰਘ (ਅਖੰਡ ਕੀਰਤਨੀ ਜੱਥਾ), ਅਮਰਜੀਤ ਸਿੰਘ ਹਵਾਰਾ, ਗੁਰਦੀਪ ਸਿੰਘ ਹਵਾਰਾ, ਜਸਵਿੰਦਰ ਸਿੰਘ ਬਡਾਲੀ, ਪ੍ਰਗਟ ਸਿੰਘ ਹਵਾਰਾ, ਵਰਿੰਦਰਪਾਲਜੀਤ ਸਿੰਘ ਆਨੰਦਪੁਰ ਸਾਹਿਬ, ਗੁਰਪ੍ਰੀਤ ਸਿੰਘ ਆਨੰਦਪੁਰ ਸਾਹਿਬ, ਬਲਦੇਵ ਸਿੰਘ ਨਵਾਂ ਪਿੰਡ, ਗੁਰਿੰਦਰ ਸਿੰਘ ਮੋਹਾਲੀ ਤੇ ਮਹਾਂ ਸਿੰਘ (ਅਕਾਲ ਯੂਥ), ਪਵਨਦੀਪ ਸਿੰਘ ਬੱਲੋਮਾਜਰਾ, ਅੰਗਰੇਜ਼ ਸਿੰਘ ਆਨੰਦਪੁਰ ਸਾਹਿਬ, ਗੁਰਵਿੰਦਰ ਸਿੰਘ ਆਨੰਦਪੁਰ ਸਾਹਿਬ, ਬਲਜੀਤ ਸਿੰਘ ਮੋਹਾਲੀ, ਕੁਲਦੀਪ ਸਿੰਘ ਦਭਾਲੀ ਆਦਿ ਹਾਜ਼ਰ ਸਨ।