ਵਿਸ਼ਵ ਔਟਿਜ਼ਮ ਦਿਵਸ ਸਬੰਧੀ ਨੀਲੀ ਰੌਸ਼ਨੀ ਨਾਲ ਰੁਸ਼ਨਾਇਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ
1 min readਐੱਸ.ਏ.ਐੱਸ. ਨਗਰ, 02 ਅਪ੍ਰੈਲ, 2023: ਵਿਸ਼ਵ ਔਟਿਜ਼ਮ ਦਿਵਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਨੀਲੇ ਰੰਗ ਦੀ ਰੌਸ਼ਨੀ ਨਾਲ ਰੁਸ਼ਨਾਇਆ ਗਿਆ। ਇਸ ਦੇ ਨਾਲ-ਨਾਲ 02 ਅਪ੍ਰੈਲ ਨੂੰ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿਖੇ ਕੌਮਾਂਤਰੀ ਕਾਨਫਰੰਸ ਵੀ ਕਾਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹਰ ਸਾਲ 02 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਦਿਵਸ ਮਨਾਇਆ ਜਾਂਦਾ ਹੈ। ਔਟਿਜ਼ਮ ਆਮ ਤੌਰ ‘ਤੇ ਜੀਵਨ ਦੇ ਪਹਿਲੇ ਤਿੰਨ ਸਾਲਾਂ ਦੌਰਾਨ ਪ੍ਰਗਟ ਹੁੰਦਾ ਹੈ। ਔਟਿਜ਼ਮ ਵਾਲੇ ਵਿਅਕਤੀਆਂ ਵਿੱਚ ਪ੍ਰਭਾਵਿਤ ਹੋਣ ਵਾਲੇ ਤਿੰਨ ਮੁੱਖ ਪੱਖ ਹਨ, ਜਿਵੇਂ ਕਿ ਸਮਾਜਿਕ ਸਬੰਧਾਂ ਤਹਿਤ ਲੋਕਾਂ ਨਾਲ ਗੱਲਬਾਤ, ਸੰਚਾਰ ਤਹਿਤ ਬੋਲਣ ਦੇ ਨਾਲ-ਨਾਲ ਇਹ ਸਮਝਣਾ ਕਿ ਦੂਜੇ ਕੀ ਕਹਿੰਦੇ ਹਨ ਅਤੇ ਕਲਪਨਾ।
ਔਟਿਜ਼ਮ ਬਾਰੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਜ਼ਰੂਰਤ ਹੈ ਜਿਸ ਸੰਬੰਧੀ ਸਾਰਿਆਂ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਔਟਿਜ਼ਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ 1 ਅਤੇ 2 ਅਪ੍ਰੈਲ, 2023 ਦੀ ਵਿਚਕਾਰਲੀ ਰਾਤ ਨੂੰ ਸਰਕਾਰੀ ਇਮਾਰਤਾਂ ਨੂੰ ਨੀਲੇ ਰੰਗ ਵਿੱਚ ਰੌਸ਼ਨ ਕੀਤਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾ ਸਕੇ।
ਸਯੁੰਕਤ ਸਕੱਤਰ ਅਤੇ ਚੀਫ ਕਾਰਜਕਾਰੀ ਅਫਸਰ, ਨੈਸ਼ਨਲ ਟਰਸਟ ਵਾਰ ਪਰਸਨਜ਼ ਵਿਦ ਡਿਸਏਬਲਟੀਜ਼, ਸੋਸ਼ਲ ਜਸਟਿਸ ਅਤੇ ਇੰਮਪਾਵਰਮੈਂਟ ਮੰਤਰਾਲਾ, ਨਵੀਂ ਦਿੱਲੀ ਵੱਲੋਂ ਇਹ ਕਾਰਜ ਉਲੀਕਣ ਲਈ ਪੱਤਰ ਭੇਜਿਆ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋੰ ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ ।