ਸਰਕਾਰੀ ਦਫਤਰਾਂ ਦੇ ਤਬਦੀਲ ਕੀਤੇ ਸਮੇਂ ਕਾਰਨ ਵਿਅਸਤ ਏਅਰਪੋਰਟ ਰੋਡ ਮੋਹਾਲੀ ‘ਤੇ ਆਵਾਜਾਈ ਹੋਈ ਸੁਖਾਲੀ
1 min readਚੰਡੀਗੜ, 3 ਮਈ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਸਮੇਂ ਨੂੰ ਤਬਦੀਲ ਕਰਨ ਵਾਲੇ ਨਾਗਰਿਕ-ਕੇਂਦਰਿਤ ਫੈਸਲੇ ਨਾਲ ਨਾ ਸਿਰਫ ਬਿਜਲੀ ਦੀ ਬੱਚਤ ਹੋ ਰਹੀ ਹੈ ਬਲਕਿ ਮੋਹਾਲੀ ਦੇ ਵਿਅਸਤ ਏਅਰਪੋਰਟ ਰੋਡ ‘ਤੇ ਟ੍ਰੈਫਿਕ ਘਟਨ ਨਾਲ ਲੋਕਾਂ ਦਾ ਆਉਣ-ਜਾਣ ਸੁਖਾਲਾ ਹੋਇਆ ਹੈ।
ਇਹ ਤੱਥ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ (ਪੀ.ਆਰ.ਐੱਸ.ਟੀ.ਆਰ.ਸੀ.) ਵੱਲੋਂ ਦਫਤਰੀ ਸਮੇਂ ਬਦਲਣ ਕਾਰਨ ਟਰੈਫਿਕ ਆਵਾਜਾਈ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਕੀਤੇ ਗਏ ਅਧਿਐਨ ਦੌਰਾਨ ਸਾਹਮਣੇ ਆਇਆ ਹੈ। ਇਸ ਫੈਸਲੇ ਨੂੰ ਲਾਗੂ ਕਰਨ ਦੇ ਪਹਿਲੇ ਦਿਨ ਏਅਰਪੋਰਟ ਰੋਡ (ਪੀਆਰ-7) ‘ਤੇ ਭੀੜ-ਭੜੱਕੇ ਵਿੱਚ ਮਹੱਤਵਪੂਰਨ ਕਮੀ ਆਈ ਹੈ। 18-ਕਿਲੋਮੀਟਰ ਲੰਬੀ ਇਸ ਰੋਡ ‘ਤੇ ਟੌਮ-ਟੌਮ ਮੈਪਸ ਰਾਹੀਂ ਕੀਤੇ ਗਏ ਟ੍ਰੈਫਿਕ ਵਿਸ਼ਲੇਸ਼ਣ ਤੋਂ ਪਤਾ ਲਗਿਆ ਹੈ ਕਿ ਪੀਕ ਘੰਟਿਆਂ ਦੌਰਾਨ ਔਸਤ ਦੇਰੀ 30-40 ਮਿੰਟਾਂ ਤੋਂ ਘਟ ਕੇ ਹੁਣ ਸਿਰਫ 5-6 ਮਿੰਟ ਹੀ ਰਹਿ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵੱਡੇ ਜਨਤਕ ਹਿੱਤਾਂ ਲਈ ਮੰਗਲਵਾਰ ਨੂੰ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 9 ਤੋਂ 5 ਵਜੇ ਥਾਂ ਸਵੇਰ 7.30 ਤੋਂ 2 ਵਜੇ ਤੱਕ ਕਰ ਦਿੱਤਾ ਹੈ, ਜਿਸ ਨਾਲ ਹਰ ਰੋਜ਼ ਲਗਭਗ 350 ਮੈਗਾਵਾਟ ਬਿਜਲੀ ਬਚੇਗੀ ਅਤੇ ਨਾਲ-ਨਾਲ 2 ਮਈ ਤੋ 15 ਜੁਲਾਈ ਤੱਕ 40-45 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ।
ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਟਰੈਫਿਕ ਏ.ਐਸ. ਰਾਏ ਨੇ ਕਿਹਾ ਕਿ ਯਾਤਰਾ ਦੇ ਸਮੇਂ ਵਿੱਚ ਕਟੌਤੀ ਨਾਲ ਡੀਜਲ/ਪੈਟਰੋਲ ਦੀ ਖਪਤ ਵਿੱਚ ਵੀ ਕਮੀ ਆਵੇਗੀ, ਜਿਸ ਨਾਲ ਲਾਗਤਾਂ ਦੀ ਬਚਤ ਹੋਵੇਗੀ ਜੋ ਕਿ 7500 ਲੀਟਰ ਡੀਜਲ/ਪੈਟਰੋਲ ਦੀ ਖਪਤ ਬਚੇਗੀ ਜਿਸ ਨਾਲ ਰੋਜਾਨਾ 6.75 ਲੱਖ ਰੁਪਏ ਦੀ ਬੱਚਤ ਹੋਣ ਦਾ ਅਨੁਮਾਨ ਹੈ । ਉਨਾਂ ਨੇ ਕਿਹਾ ਕਿ ਲਾਗਤ ਦੀ ਬੱਚਤ ਤੋਂ ਇਲਾਵਾ, ਭੀੜ-ਭੜੱਕੇ ਵਿੱਚ ਕਮੀ ਵਾਤਾਵਰਣ ਲਈ ਵੀ ਲਾਹੇਵੰਦ ਹੈ, ਕਿਉਂਕਿ ਇਸ ਨਾਲ ਗ੍ਰੀਨਹਾਉਸ ਗੈਸਾਂ ਅਤੇ ਹਵਾ ਪ੍ਰਦੂਸ਼ਕਾਂ ਦੀ ਨਿਕਾਸੀ ਵਿੱਚ ਵੀ ਕਮੀ ਆਵੇਗੀ।
ਅਧਿਐਨ ਵਿੱਚ ਪਾਇਆ ਗਿਆ ਕਿ ਪੀਕ ਆਵਰਜ਼ ਦੌਰਾਨ, ਲਗਭਗ 7000 ਵਾਹਨ ਇੱਕ ਘੰਟੇ ਵਿੱਚ ਏਅਰਪੋਰਟ ਰੋਡ (ਪੀਆਰ-7) ਤੋਂ ਆਉਂਦੇ- ਜਾਂਦੇ ਹਨ, ਇਹਨਾਂ ਵਿੱਚੋਂ 25 ਫੀਸਦ ਦੋਪਹੀਆ ਵਾਹਨ, 64 ਫੀਸਦ ਚਾਰ ਪਹੀਆ ਵਾਹਨ ਅਤੇ ਬਾਕੀ 11 ਫੀਸਦ ਟਰੱਕ, ਬੱਸਾਂ, ਟਰੈਕਟਰ, ਮਲਟੀ-ਐਕਸਲ, ਅਤੇ ਹੋਰ ਹਨ। ਇੱਕ ਅਨੁਮਾਨ ਮੁਤਾਬਕ ਇਨਾਂ ਵਾਹਨਾਂ ਲਈ ਪੰਜ ਘੰਟਿਆਂ ਦੌਰਾਨ 25 ਮਿੰਟ ਦੀ ਵਾਧੂ ਦੇਰੀ ਨਾਲ ਪ੍ਰਤੀ ਦਿਨ 7500 ਲੀਟਰ ਡੀਜਲ/ਪੈਟਰੋਲ ਦੀ ਖਪਤ ਹੁੰਦੀ ਹੈ। ਤੇਲ ਦੀ ਬੱਚਤ ਦੇ ਅੰਦਾਜੇ ਕੇਂਦਰੀ ਸੜਕ ਖੋਜ ਸੰਸਥਾਨ, ਨਵੀਂ ਦਿੱਲੀ ਅਤੇ ਇੰਡੀਅਨ ਰੋਡਜ ਕਾਂਗਰਸ ਦੁਆਰਾ ਉਪਲਬਧ ਵੱਖ-ਵੱਖ ਵਾਹਨਾਂ ਲਈ ਵਾਹਨ ਚਲਾਉਣ ਦੀ ਲਾਗਤ ‘ਤੇ ਆਧਾਰਿਤ ਹਨ।
ਪੀ.ਆਰ.ਐਸ.ਟੀ.ਆਰ.ਸੀ. ਦੇ ਡਾਇਰੈਕਟਰ ਡਾ: ਨਵਦੀਪ ਅਸੀਜਾ ਨੇ ਕਿਹਾ ਕਿ ਏਅਰਪੋਰਟ ਰੋਡ ‘ਤੇ ਇਸ ਪਹਿਲਕਦਮੀ ਦੀ ਸਫਲਤਾ ਦੂਜੇ ਸ਼ਹਿਰਾਂ ਅਤੇ ਪ੍ਰਮੁੱਖ ਸੜਕਾਂ ਦੇ ਭੀੜ-ਭੜੱਕੇ ਨੂੰ ਘਟਾਉਣ, ਖਰਚਿਆਂ ਨੂੰ ਬਚਾਉਣ ਅਤੇ ਸਾਫ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਾਡਲ ਵਜੋਂ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ । ਉਨਾਂ ਅੱਗੇ ਕਿਹਾ ਕਿ ਰਾਜ ਦੇ ਹੋਰ ਸ਼ਹਿਰਾਂ ਨੇ ਵੀ ਪਹਿਲੇ ਦਿਨ ਅਜਿਹਾ ਹੀ ਪ੍ਰਭਾਵ ਦੇਖਿਆ ਹੋਵੇਗਾ, ਅਤੇ ਉਹ ਵੀ ਇਸਦੇ ਲੰਬੇ ਸਮੇਂ ਦੇ ਪ੍ਰਭਾਵ ਦੀ ਆਸ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸੜਕ ਸੁਰੱਖਿਆ ਅਤੇ ਆਵਾਜਾਈ ਖੋਜ ਕੇਂਦਰ ਰਾਜ ਵਿੱਚ ਭੀੜ-ਭੜੱਕੇ ਨੂੰ ਘਟਾਉਣ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾਕਾਰੀ ਹੱਲ ਲੱਭਣ ਲਈ ਠੋਸ ਯਤਨ ਕਰ ਰਿਹਾ ਹੈ।